ਅਣਸੁਲਝੇ ਸਵਾਲਾਂ ਦੇ ਘੇਰੇ ’ਚ ਘਿਰੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ !
ਪੁਲੀਸ ਨੇ ਜਬਰ-ਜਨਾਹ ਤੋਂ ਕੀਤਾ ਇਨਕਾਰ, ਬਾਹਰੀ ਅਨਸਰਾਂ ਦੀ ਸ਼ਮੂਲੀਅਤ ਦੇ ਲੱਗੇ ਦੋਸ਼
ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਕੈਂਪਸ ਵਿੱਚ ਐਤਵਾਰ ਤੜਕੇ ਤੋਂ ਅਫਵਾਹਾਂ ਅਤੇ ਬਿਨਾਂ ਸਬੂਤ ਤੋਂ ਲੱਗੇ ਦੋਸ਼ਾਂ ਤੋਂ ਬਾਅਦ ਸ਼ੁਰੂ ਹੋਏ ਬਿਨਾਂ ਕਿਸੇ ਚਿਹਰੇ ਜਾਂ ਅਗਵਾਈ ਵਾਲੇ ਹਿੰਸਕ ਵਿਦਿਆਰਥੀ ਪ੍ਰਦਰਸ਼ਨ ਨੇ ਕਈ ਗੰਭੀਰ ਪ੍ਰਸ਼ਨ ਖੜ੍ਹੇ ਕਰ ਦਿੱਤੀ ਹਨ, ਜਿਨ੍ਹਾਂ ਦੇ ਜਵਾਬ ਫਿਲਹਾਲ ਪ੍ਰਸ਼ਾਸਨ ਕੋਲ ਨਹੀਂ ਹਨ।
ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ, ਉੱਥੇ ਹੀ ਸਿਆਸੀ ਪਾਰਟੀਆਂ ਵਿਚਾਲੇ ਤੋਹਮਤਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਾਇਆ ਹੈ ਕਿ ਐੱਲਪੀਯੂ ਦੇ ਸੰਸਥਾਪਕ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਅਸ਼ੋਕ ਮਿੱਤਲ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਅਧਿਕਾਰਤ ਹੈਂਡਲ ’ਤੇ ਕਿਹਾ ਗਿਆ ਕਿ ਐੱਲਪੀਯੂ ਦੀ ਸਥਿਤੀ ਬੇਕਾਬੂ ਹੋ ਚੁੱਕੀ ਹੈ, ਜਿਸ ਨੇ ਪੰਜਾਬ ਸਰਕਾਰ, ਪੁਲੀਸ ਅਤੇ ਪ੍ਰਸ਼ਾਸਨ ਦੀ ਨਾਕਾਮੀ ਨੂੰ ਨੰਗਾ ਕਰ ਦਿੱਤਾ ਹੈ।
ਰਾਜਨੀਤੀ ਸ਼ਾਸਤਰ ਦੇ ਇੱਕ ਸੀਨੀਅਰ ਪ੍ਰੋਫੈਸਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ, “ਇਸ ਪੂਰੇ ਹੰਗਾਮੇ ਪਿੱਛੇ ਰਾਜਨੀਤਿਕ ਕਾਰਨ ਹੋ ਸਕਦੇ ਹਨ। ਵਾਇਰਲ ਵੀਡੀਓਜ਼ ਵਿੱਚ ਜੋ ਹੁੜਦੰਗ ਮਚਾਉਂਦੇ ਅਨਸਰ ਦੇਖੇ ਜਾ ਰਹੇ ਹਨ, ਉਨ੍ਹਾਂ ਕੋਲ ਵਾਕੀ-ਟਾਕੀ ਅਤੇ ਤਲਵਾਰਾਂ ਸਨ। ਉਹ ਵਿਦਿਆਰਥੀ ਨਹੀਂ ਲੱਗਦੇ ਅਤੇ ਕਈ ਤਾਂ ਪੰਜਾਬੀ ਵੀ ਨਹੀਂ ਜਾਪਦੇ। ਅਸ਼ੋਕ ਮਿੱਤਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ 30 ਸਤੰਬਰ ਨੂੰ ਯੂਨੀਵਰਸਿਟੀ ਕੈਂਪਸ ਨੇੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇੱਕ ਵਿਸ਼ਾਲ ਰੈਲੀ ਵੀ ਹੋਣ ਜਾ ਰਹੀ ਹੈ।”
ਇਸ ਦੌਰਾਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ ਅਤੇ ਸਪੱਸ਼ਟ ਕੀਤਾ ਕਿ ਮੁਢਲੀ ਜਾਂਚ ਵਿੱਚ ਕੈਂਪਸ ਅੰਦਰ ਜਬਰ-ਜ਼ਨਾਹ ਵਰਗੀ ਕੋਈ ਘਟਨਾ ਵਾਪਰਨ ਦੇ ਸਬੂਤ ਨਹੀਂ ਮਿਲੇ ਹਨ।
ਦੂਜੇ ਪਾਸੇ, ਕੁਝ ਸਿੱਖਿਆ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਹ ਪ੍ਰਦਰਸ਼ਨ ਵਿਦਿਆਰਥੀਆਂ ਅੰਦਰ ਲੰਮੇ ਸਮੇਂ ਤੋਂ ਭਰੇ ਗੁੱਸੇ ਦਾ ਨਤੀਜਾ ਵੀ ਹੋ ਸਕਦਾ ਹੈ। ਨਿੱਜੀ ਯੂਨੀਵਰਸਿਟੀਆਂ ਦੀਆਂ ਦੋ ਸ਼੍ਰੇਣੀਆਂ ਹਨ- ਇੱਕ ਉਹ ਜੋ ਭਾਰੀ ਫੀਸਾਂ ਲੈ ਕੇ ਮਿਆਰੀ ਸਿੱਖਿਆ ਦਿੰਦੀਆਂ ਹਨ, ਅਤੇ ਦੂਜੀਆਂ ਜਿੱਥੇ ਸਿਰਫ਼ ਗਿਣਤੀ ’ਤੇ ਧਿਆਨ ਦਿੱਤਾ ਜਾਂਦਾ ਹੈ। ਐੱਲਪੀਯੂ ਵਿੱਚ 40,000 ਤੋਂ ਵੱਧ ਵਿਦਿਆਰਥੀ ਹਨ ਅਤੇ ਇੱਥੋਂ ਦੇ ਪੜ੍ਹਾਈ ਦੇ ਮਾਹੌਲ ’ਤੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਹਨ।
ਪੰਜਾਬ ਸਟੂਡੈਂਟਸ ਯੂਨੀਅਨ (PSU) ਦੇ ਅਹੁਦੇਦਾਰ ਗਗਨ ਸੰਗਰਾਮੀ ਨੇ ਕਿਹਾ, “ਕੈਂਪਸ ਵਿੱਚ ਸਿੱਖਿਆ ਦੇ ਡਿੱਗ ਰਹੇ ਮਿਆਰ, ਗੈਰ-ਵਾਜਬ ਜੁਰਮਾਨਿਆਂ ਅਤੇ ਜ਼ਿਆਦਾ ਪਾਬੰਦੀਆਂ ਕਾਰਨ ਵਿਦਿਆਰਥੀ ਨਿਰਾਸ਼ ਹਨ। ਭਾਵੇਂ ਬਾਹਰੀ ਅਨਸਰਾਂ ਨੇ ਭੰਨਤੋੜ ਕੀਤੀ ਹੋਵੇ, ਪਰ ਸਥਾਨਕ ਵਿਦਿਆਰਥੀਆਂ ਦੇ ਗੁੱਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਸਮੱਸਿਆਵਾਂ ਦਾ ਹੱਲ ਕੱਢਣ ਦੀ ਲੋੜ ਹੈ। ਦੋਸ਼ੀ ਕੋਈ ਵੀ ਹੋਵੇ, ਸੱਚ ਜ਼ਿਆਦਾ ਦੇਰ ਨਹੀਂ ਛੁਪ ਸਕਦਾ।”

