ਆਤਿਸ਼ ਗੁਪਤਾ
ਚੰਡੀਗੜ੍ਹ, 17 ਅਪਰੈਲ
ਚੰਡੀਗੜ੍ਹ ਵਿੱਚ ਰੋਜ਼ਾਨਾ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਵਿੱਚ ਯੂਕੇ ਦਾ ਸਟਰੇਨ ਮਿਲਣ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਹਫ਼ਤਾਵਰੀ ਲੌਕਡਾਊਨ ਲਗਾਉਣ ਦਾ ਫ਼ੈਸਲਾ ਕੀਤਾ ਹੈ। ਹਫ਼ਤਾਵਰੀ ਲੌਕਡਾਊਨ ਦੇ ਪਹਿਲੇ ਦਿਨ ਭਾਵੇਂ ਸ਼ਹਿਰ ਦੇ ਦੁਕਾਨਦਾਰਾਂ ਨੇ ਪੂਰੀ ਤਰ੍ਹਾਂ ਪਾਲਣਾ ਕੀਤੀ।
ਦੂਜੇ ਪਾਸੇ ਸ਼ਹਿਰ ਵਿੱਚ ਸੜਕੀ ਆਵਾਜਾਈ ਆਮ ਦਿਨਾਂ ਵਾਂਗ ਜਾਰੀ ਰਹੀ। ਪੁਲੀਸ ਨੇ ਹਫ਼ਤਾਵਰੀ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਨ ’ਤੇ 10 ਕੇਸ ਦਰਜ ਕਰਕੇ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ 86 ਜਣਿਆਂ ਦੇ ਚਾਲਾਨ ਕੀਤੇ ਹਨ। ਜਿਸ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦਾ ਉਲੰਘਣਾ ਦੇ 52, ਜਨਤਕ ਥਾਵਾਂ ’ਤੇ ਥੁੱਕਣ ਦੇ 22 ਅਤੇ ਮਾਸਕ ਦੀ ਵਰਤੋਂ ਨਾ ਕਰਨ ਸਬੰਧੀ 12 ਜਣਿਆਂ ਦੇ ਚਾਲਾਨ ਕੀਤੇ ਹਨ। ਪੁਲੀਸ ਨੇ 55,550 ਰੁਪਏ ਜੁਰਮਾਨਾ ਵੀ ਵਸੂਲ ਕੀਤਾ ਹੈ।
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਛੱਡ ਆਮ ਦੁਕਾਨਦਾਰਾਂ ਨੂੰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ ਪਰ ਸ਼ਹਿਰ ਵਿੱਚ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਅਤੇ ਪ੍ਰਾਈਵੇਟ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ। ਪ੍ਰਸ਼ਾਸਨ ਨੇ ਸੁਖਨਾ ਝੀਲ, ਰੌਕ ਗਾਰਡਨ ਅਤੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਸੀ ਜਿੱਥੇ ਦਿਨ ਭਰ ਪੁਲੀਸ ਮੁਲਾਜ਼ਮ ਤਾਇਨਾਤ ਰਹੇ। ਸ਼ਹਿਰ ਦੇ ਸੈਕਟਰ-17, 22, 34, 18 ਸਣੇ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਦਿਨ ਭਰ ਬੰਦ ਰਹੀਆਂ।
ਪ੍ਰਸ਼ਾਸਨ ਨੇ ਜ਼ਰੂਰੀ ਵਸਤੂਆਂ ਦੀਆਂ ਖਰੀਦ ਵਾਲੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਛੋਟ ਦਿੱਤੀ ਸੀ। ਸੈਕਟਰ-26 ਵਿੱਚ ਸਥਿਤ ਸਬਜ਼ੀ ਮੰਡੀ ਵਿੱਚ ਲੋਕ ਆਮ ਦਿਨਾਂ ਵਾਂਗ ਫਿਰਦੇ ਦਿਖਾਈ ਦਿੱਤੇ। ਜਿੱਥੇ ਨਾ ਤਾਂ ਕਿਸੇ ਨੇ ਮਾਸਕ ਪਾਇਆ ਹੋਇਆ ਸੀ ਅਤੇ ਨਾ ਹੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਹਫ਼ਤਾਵਰੀ ਲੌਕਡਾਊਨ ਦੌਰਾਨ ਸ਼ਹਿਰ ਵਿੱਚਲੇ ਨਿਜੀ ਦਫ਼ਤਰ ਖੁੱਲ੍ਹੇ ਹੋਣ ਕਰਕੇ ਲੌਕਡਾਊਨ ਦਾ ਅਸਰ ਨਾ ਬਰਾਬਰ ਹੀ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਸ਼ਹਿਰ ਵਾਸੀਆਂ ਦਾ ਵੀ ਕਹਿਣਾ ਹੈ ਕਿ ਜੇਕਰ ਨਿੱਜੀ ਦਫ਼ਤਰਾਂ ਦੇ ਖੁੱਲ੍ਹਣ ਕਰਕੇ ਸ਼ਹਿਰ ਵਿੱਚ ਆਵਾਜਾਈ ਜਾਰੀ ਰਹੇਗੀ ਤਾਂ ਲੌਕਡਾਊਨ ਦਾ ਕੋਈ ਫਾਇਦਾ ਨਹੀਂ ਹੈ। ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਸ੍ਰੀ ਪਰੀਦਾ ਨੇ ਕਿਹਾ ਕਿ ਜੇ ਕੋਈ ਸ਼ਹਿਰ ਵਾਸੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਲੌਕਡਾਊਨ ਕਰਕੇ ਵਪਾਰੀਆਂ ਅਤੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਵੀ ਮੁਆਵਜ਼ਾ ਦੇਣਾ ਚਾਹੀਦਾ ਹੈ।
ਰੇਲਵੇ ਸਟੇਸ਼ਨ ’ਤੇ ਪਰਵਾਸੀ ਮਜ਼ਦੂਰਾਂ ਦੀ ਭੀੜ
ਚੰਡੀਗੜ੍ਹ ਵਿੱਚ ਹਫ਼ਤਾਵਰੀ ਲੌਕਡਾਊਨ ਲੱਗਣ ਕਾਰਨ ਸਵੇਰ ਤੋਂ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪਰਵਾਸੀ ਮਜ਼ਦੂਰਾਂ ਦੀ ਭੀੜ ਲੱਗੀ ਰਹੀ। ਲੋਕ ਆਪਣੀ ਜਨਮ ਭੂਮੀ ਵੱਲ ਜਾਣ ਲਈ ਰੇਲਵੇ ਸਟੇਸ਼ਨ ’ਤੇ ਟਿਕਟ ਕਾਊਂਟਰ ’ਤੇ ਲਾਈਨਾਂ ਵਿੱਚ ਲੱਗੇ ਰਹੇ। ਇਸ ਦੌਰਾਨ ਰੇਲਵੇ ਸਟੇਸ਼ਨ ’ਤੇ ਹਾਜ਼ਰ ਬਿਮਲਾ ਰਾਣੀ ਨੇ ਕਿਹਾ ਕਿ ਪਿਛਲੇ ਸਾਲ ਕਰੋਨਾ ਕਰਕੇ ਲੱਗੇ ਲੌਕਡਾਊਨ ਦੌਰਾਨ ਉਨ੍ਹਾਂ ਨੂੰ ਖਾਣਾ ਨਹੀਂ ਮਿਲਿਆ ਸੀ ਜਿਸ ਕਰਕੇ ਬਹੁਤ ਮੁਸ਼ਕਿਲ ਆਈ ਸੀ। ਇਸ ਲਈ ਉਹ ਪਹਿਲਾਂ ਹੀ ਆਪਣੇ ਪਰਿਵਾਰ ਸਣੇ ਘਰ ਜਾ ਰਹੀ ਹੈ।