ਪੱਤਰ ਪ੍ਰੇਰਕ
ਚੰਡੀਗੜ੍ਹ, 16 ਜੂਨ
ਪੰਜਾਬ ਯੂਨੀਵਰਸਿਟੀ ਵਿਖੇ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਦੇ ਸੱਦੇ ’ਤੇ ਪ੍ਰਬੰਧਕੀ ਬਲਾਕ ਅੱਗੇ ਰਿਸਰਚ ਸਕਾਲਰਾਂ ਤੇ ਵਿਦਿਆਰਥੀਆਂ ਦੇ ਚੱਲ ਰਹੇ ਦਿਨ ਰਾਤ ਦੇ ਧਰਨੇ ਤੋਂ ਬਾਅਦ ਹਰਕਤ ਵਿੱਚ ਆਉਂਦਿਆਂ ਅਥਾਰਿਟੀ ਨੇ ਅੱਜ ਲਾਇਬ੍ਰੇਰੀਆਂ ਖੋਲ੍ਹਣ ਦਾ ਫ਼ੈਸਲਾ ਕਰ ਹੀ ਲਿਆ। ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਦੀ ਅਗਵਾਈ ਹੇਠ ਹੋਈ ਕਮੇਟੀ ਦੀ ਮੀਟਿੰਗ ਵਿੱਚ ਏਸੀ ਜੋਸ਼ੀ ਲਾਇਬਰੇਰੀ ਸਮੇਤ ਸਾਰੇ ਵਿਭਾਗਾਂ ਦੀਆਂ ਲਾਇਬਰੇਰੀਆਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ।
ਪੀਯੂ ਅਥਾਰਿਟੀ ਵੱਲੋਂ ਜਾਰੀ ਹੁਕਮਾਂ ਮੁਤਾਬਕ ਲਾਇਬ੍ਰੇਰੀ ਦਾ ਰੀਡਿੰਗ ਹਾਲ 50 ਫੀਸਦੀ ਸਮਰੱਥਾ ਨਾਲ ਸਵੇਰ 8 ਵਜੇ ਤੋਂ ਰਾਤ ਦੇ 9 ਵਜੇ ਤੱਕ ਖੋਲ੍ਹਿਆ ਜਾਵੇਗਾ। ਰੀਡਿੰਗ ਹਾਲ ਦੀ ਪਹਿਲੀ ਤੇ ਤੀਸਰੀ ਮੰਜ਼ਿਲ ਰਿਸਰਚ ਸਕਾਲਰਾਂ ਲਈ 50 ਫੀਸਦੀ ਸਮਰੱਥਾ ਨਾਲ ਸਵੇਰ 9 ਵਜੇ ਤੋਂ ਰਾਤ 8 ਵਜੇ ਤੱਕ ਲਈ ਖੋਲ੍ਹੀ ਜਾਵੇਗੀ। ਵਿਦਿਆਰਥੀਆਂ ਨੂੰ ਲਾਇਬੇ੍ਰਰੀ ਵਿਚ ਆਉਣ ਲਈ ਆਪਣਾ ਪਛਾਣ ਪੱਤਰ ਨਾਲ ਰੱਖਣਾ ਲਾਜ਼ਮੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵੇਗੀ।
ਬੀਤੇ ਦਿਨ 15 ਜੂਨ ਨੂੰ ਐਨ.ਐਸ.ਯੂ.ਆਈ., ਪੀ.ਐਸ.ਯੂ. (ਲਲਕਾਰ), ਰਿਸਰਚ ਸਕਾਲਰਜ਼ ਐਸੋਸੀਏਸ਼ਨ, ਏ.ਐੱਸ.ਏ, ਐਸ.ਐਫ.ਐਸ. ਤੇ ਸੋਪੂ ਵਲੋਂ ਸਾਂਝੇ ਤੌਰ ’ਤੇ ਕੀਤਾ ਜਾਣ ਵਾਲਾ ਰੋੋਸ ਪ੍ਰਦਰਸ਼ਨ ਭਾਵੇਂ ਬਾਰਿਸ਼ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਜਿਉਂ ਹੀ ਵਿਦਿਆਰਥੀਆਂ ਨੇ ਏ.ਸੀ. ਜੋਸ਼ੀ ਲਾਇਬਰੇਰੀ ਦੇ ਮੇਨ ਗੇਟ ਅੱਗੇ ਟੇਬਲ ਲਾ ਕੇ ਤੇ ਰੱਸੀਆਂ ਬੰਨ੍ਹ ਕੇ ਕੀਤੀ ਗਈ ਬੈਰੀਕੇਡਿੰਗ ਦੇਖੀ ਤਾਂ ਉਨ੍ਹਾਂ ਵਿੱਚ ਗੁੱਸਾ ਵਧ ਗਿਆ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਇਸੇ ਦੌਰਾਨ ਲਾਇਬ੍ਰੇਰੀ ਦੀ ਪਹਿਲੀ ਮੰਜ਼ਿਲ ’ਤੇ ਬੈਠ ਕੇ ਪੜ੍ਹ ਰਹੇ ਰਿਸਰਚ ਸਕਾਲਰਾਂ ਨੇ ਲਾਇਬਰੇਰੀ ਅੰਦਰੋਂ ਦਰਵਾਜ਼ਾ ਖੋਲ੍ਹ ਦਿੱਤਾ ਤੇ ਸਾਰੇ ਵਿਦਿਆਰਥੀ ਅੰਦਰ ਵੜ ਗਏ। ਇਸ ਉਪਰੰਤ ਅਥਾਰਿਟੀ ਵੱਲੋਂ ਲਾਇਬਰੇਰੀਆਂ ਖੋਲ੍ਹਣ ਦੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ।
ਪ੍ਰਬੰਧਕੀ ਬਲਾਕ ਅੱਗੇ ਜਾਰੀ ਰਹੇਗਾ ਧਰਨਾ
ਐੱਸਐੱਫਐੱਸ ਦੇ ਪ੍ਰਧਾਨ ਸੰਦੀਪ ਨੇ ਦੱਸਿਆ ਕਿ ਲਾਇਬਰੇਰੀਆਂ ਖੁੱਲ੍ਹਣ ਉਪਰੰਤ ਵਿਦਿਆਰਥੀਆਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਪ੍ਰਬੰਧਕੀ ਬਲਾਕ ਅੱਗੇ ਦਿਨ ਰਾਤ ਦਾ ਧਰਨਾ ਜਾਰੀ ਰਹੇਗਾ।