ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਕਤੂਬਰ
ਟਰਾਈਸਿਟੀ ਵਿੱਚ ਵਧ ਰਹੀਆਂ ਅਪਰਾਧਿਕ ਗਤੀਵੀਧੀਆਂ ਨੂੰ ਨੱਥ ਪਾਉਣ ਲਈ ਕੀਤੀ ਗਈ ਕਾਰਵਾਈ ਦੌਰਾਨ ਚੰਡੀਗੜ੍ਹ ਪੁਲੀਸ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਇਕ ਮੈਂਬਰ ਨੂੰ ਪਿਸਤੌਲ ਸਣੇ ਕਾਬੂ ਕੀਤਾ ਹੈ।
ਮੁਲਜ਼ਮ ਦੀ ਸ਼ਨਾਖਤ 35 ਸਾਲਾ ਸੰਦੀਪ ਕੁਮਾਰ ਉਰਫ਼ ਨਾਟਾ ਵਜੋਂ ਹੋਈ ਹੈ ਜੋ ਮੁਹਾਲੀ ਦਾ ਵਸਨੀਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਸੰਦੀਪ ਕੁਮਾਰ ਲਾਰੈਂਸ ਬਿਸ਼ਨੋਈ ਗਰੋਹ ਦਾ ਸਰਗਮ ਮੈਂਬਰ ਹੈ ਅਤੇ ਗੈਂਗਸਟਰ ਸੰਪਤ ਨਹਿਰਾ ਅਤੇ ਦੀਪੂ ਬਨੂੜ ਦਾ ਨਜ਼ਦੀਕੀ ਹੈ। ਇਹ ਕਾਰਵਾਈ ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਦੀ ਟੀਮ ਵੱਲੋਂ ਕੀਤੀ ਗਈ ਹੈ। ਪੁਲੀਸ ਦੇ ਬੁਲਾਰੇ ਨੇ ਦੱੱਸਿਆ ਕਿ ਅਪਰੇਸ਼ਨ ਸੈੱਲ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਰਾਏਪੁਰ ਕਲਾਂ ਚੰਡੀਗੜ੍ਹ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਸੰਦੀਪ ਕੁਮਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਊਸ ਕੋਲੋਂ ਪਿਸਤੌਲ ਬਰਾਮਦ ਹੋਇਆ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰਨ ਮਗਰੋਂ ਊਸ ਖ਼ਿਲਾਫ਼ ਥਾਣਾ ਮੌਲੀ ਜੱਗਰਾਂ ਵਿੱਚ ਕੇਸ ਦਰਜ ਕਰ ਕੇ ਪੁੱਛਗਿਛ ਕੀਤੀ ਜਾਂ ਪਤਾ ਲੱਗਿਆ ਕਿ ਉਹ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਹੈ। ਮੁਲਜ਼ਮ ਲੁੱਟ-ਖੋਹ, ਕਤਲ, ਇਰਾਦਾ ਕਤਲ ਅਤੇ ਅਗਵਾ ਸਮੇਤ ਹੋਰਨਾਂ ਵਾਰਦਾਤਾਂ ਵਿੱਚ ਸ਼ਾਮਲ ਹੈ। ਊਸ ਨੇ ਇਹ ਪਿਸਤੌਲ ਮੁਜ਼ੱਫਰਨਗਰ ਤੋਂ ਖਰੀਦਿਆ ਸੀ।
ਅਪਰੈਸ਼ਨ ਸੈੱਲ ਦੀ ਟੀਮ ਨੇ ਮੁਲਜ਼ਮ ਸੰਦੀਪ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਪੁੱਛਗਿਛ ਲਈ ਪੰਜ ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਤੇ ਅਦਾਲਤ ਨੇ ਮੁਲਜ਼ਮ ਦਾ ਦੋ ਦਿਨਾਂ ਰਿਮਾਂਡ ਦਿੱਤਾ ਹੈ। ਪੁਲੀਸ ਨੇ ਮੁਲਜ਼ਮ ਤੋਂ ਸ਼ਹਿਰ ਵਿੱਚ ਵਾਪਰੀ ਗੋਲੀਬਾਰੀ ਦੀਆਂ ਘਟਨਾਵਾਂ ਸਬੰਧੀ ਪੜਤਾਲ ਕਰਨੀ ਹੈ।