lalru news: ਸਰਕਾਰ ਦੀ ਲਾਪ੍ਰਵਾਹੀ ਨੇ ਮੰਡੀ ’ਚ ਸੰਕਟ ਖੜ੍ਹਾ ਕੀਤਾ: ਸ਼ਰਮਾ
ਮੰਡੀਆਂ ’ਚ ਝੋਨਾ ਪੁੱਜਿਆ ਪਰ ਕਣਕ ਦੇ ਚੱਠੇ ਨਾ ਹਟੇ; ਅਕਾਲੀ ਆਗੂ ਨੇ ਸਰਕਾਰ ਤੋਂ ਜਵਾਬਦੇਹੀ ਤੈਅ ਕਰਨ ਦੀ ਮੰਗ
ਕਣਕ ਦਾ ਸੀਜ਼ਨ ਮੁੱਕਿਆਂ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਲਾਲੜੂ ਦੀ ਦਾਣਾ ਮੰਡੀ ਵਿੱਚ ਕਣਕ ਦੇ ਚੱਠੇ ਪਏ ਰਹਿਣ ਅਤੇ ਦੂਜੇ ਪਾਸੇ ਝੋਨੇ ਦੀ ਨਵੀਂ ਫ਼ਸਲ ਦੀ ਆਮਦ ਸ਼ੁਰੂ ਹੋਣ ਨੇ ਸਰਕਾਰੀ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਾਬਕਾ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਐੱਨ ਕੇ ਸ਼ਰਮਾ ਨੇ ਕਿਸਾਨਾਂ ਦੇ ਸੱਦੇ ’ਤੇ ਮੰਡੀ ਦਾ ਦੌਰਾ ਕਰਦਿਆਂ ਇਸ ਨੂੰ ਸਰਕਾਰ ਦੀ ਲਾਪ੍ਰਵਾਹੀ ਦੱਸਿਆ ਅਤੇ ਕਿਸਾਨਾਂ ਦੀ ਫ਼ਸਲ ਦੀ ਸੰਭਾਲ ਲਈ ਤੁਰੰਤ ਪ੍ਰਬੰਧ ਕਰਨ ਦੀ ਮੰਗ ਕੀਤੀ।
ਸ੍ਰੀ ਸ਼ਰਮਾ ਨੇ ਕਿਹਾ ਕਿ ਮੰਡੀ ਵਿੱਚ ਪਿਛਲੇ ਸੀਜ਼ਨ ਦੀ ਕਣਕ ਦੇ ਚੱਠੇ ਅਜੇ ਤੱਕ ਨਹੀਂ ਹਟਾਏ ਗਏ, ਜਦੋਂਕਿ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਮੰਡੀ ਵਿੱਚ ਕਿਤੇ ਝੋਨਾ ਸੁਕਾਇਆ ਜਾ ਰਿਹਾ ਹੈ ਤੇ ਕਿਤੇ ਸਾਫ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਆਮਦ ਤੇਜ਼ ਹੋਣ ’ਤੇ ਮੰਡੀ ਵਿੱਚ ਥਾਂ ਦੀ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੰਡੀ ਪ੍ਰਬੰਧਾਂ ਵਿੱਚ ਹੋਈ ਦੇਰੀ ਦੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਬਿਜਲੀ ਸੰਕਟ ਬਾਰੇ ਉਨ੍ਹਾਂ ਕਿਹਾ ਕਿ ਕੱਟਾਂ ਕਾਰਨ ਸ਼ਹਿਰੀ, ਪੇਂਡੂ ਤੇ ਕਿਸਾਨ ਖਪਤਕਾਰ ਪ੍ਰੇਸ਼ਾਨ ਹਨ। ਉਨ੍ਹਾਂ ਐਲਾਨ ਕੀਤਾ ਕਿ ਬਿਜਲੀ ਕੱਟਾਂ ਅਤੇ ਕਿਸਾਨੀ ਮਸਲਿਆਂ ਸਬੰਧੀ 16 ਸਤੰਬਰ ਨੂੰ ਡੇਰਾਬਸੀ ਦੇ ਐੱਸ ਡੀ ਐੱਮ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਗੁਰਬਿੰਦਰ ਸਿੰਘ, ਰੋਹਿਤ ਰਤਨ, ਸੰਜੂ ਪ੍ਰਜਾਪਤੀ, ਬਿਕਰਮ ਸਿੰਘ ਸਰਸੀਣੀ, ਵਿੱਕੀ ਗੌਂਡਰ ਡਹਿਰ , ਬੁੱਲੂ ਰਾਣਾ, ਰਘੁਬੀਰ ਜੁਨੇਜਾ, ਘਣਸ਼ਿਆਮ ਦਾਸ ਗੁੱਲਾ, ਗੁਰਜੀਤ ਕੁਰਲੀ ਅਤੇ ਹਰਪਾਲ ਸਿੰਘ ਮਗਰਾ ਸਮੇਤ ਹੋਰ ਆਗੂ ’ਤੇ ਵਰਕਰ ਮੌਜੂਦ ਸਨ।

