ਮੁਹਾਲੀ ਦੇ ਐਰੋਟ੍ਰੋਪੋਲਿਸ ਖੇਤਰ ਦੇ ਵਿਸਥਾਰ ਲਈ ਅੱਠ ਪਿੰਡਾਂ ਦੀ 3553 ਏਕੜ ਜ਼ਮੀਨ ਐਕੁਆਇਰ ਕਰਨ ਦੇ ਮਾਮਲੇ ਸਬੰਧੀ ਪਿੰਡ ਕੁਰੜੀ ਦੇ ਵਸਨੀਕਾਂ ਨੇ ਭੋ ਪ੍ਰਾਪਤੀ ਕੁਲੈਕਟਰ ਕੋਲ ਆਪਣੇ ਇਤਰਾਜ਼ ਦਰਜ ਕਰਾਏ ਹਨ। ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਗਮਾਡਾ ਨੇ ਇਤਰਾਜ਼ਾਂ ਦੀ ਪੂਰਤੀ ਨਾ ਕੀਤੀ ਤਾਂ ਉਹ ਆਪਣੀ ਜ਼ਮੀਨ ਗਮਾਡਾ ਨੂੰ ਨਹੀਂ ਦੇਣਗੇ।
ਪੱਤਰਕਾਰਾਂ ਨੂੰ ਇਤਰਾਜ਼ਾਂ ਦੀਆਂ ਕਾਪੀਆਂ ਵਿਖਾਉਂਦਿਆਂ ਬਲਜੀਤ ਸਿੰਘ ਨੰਬਰਦਾਰ, ਨਾਹਰ ਸਿੰਘ ਸਰਪੰਚ, ਗੁਰਭੇਜ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਬਲਦੇਵ ਸਿੰਘ, ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ, ਜੋ ਗਮਾਡਾ ਨੂੰ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ।
ਦਰਜ ਕਰਾਏ ਇਤਰਾਜ਼ਾਂ ਅਨੁਸਾਰ ਇੱਕ ਏਕੜ ਬਦਲੇ ਲੈਂਡ ਪੂਲਿੰਗ ਤਹਿਤ 1500 ਗਜ਼ ਰਿਹਾਇਸ਼ੀ ਅਤੇ 300 ਗਜ਼ ਵਪਾਰਿਕ ਥਾਂ ਦੇਣ, ਕਿਸਾਨਾਂ ਨੂੰ ਸ਼ੋਅ ਰੂਮ 200 ਫੁੱਟ ਚੌੜੀ ਸੜਕ ਤੇ ਦੇਣ, ਕਾਰਨਰ ਅਤੇ ਪਾਰਕ ਫੇਸਿੰਗ ਪਲਾਟ ਬਿਨ੍ਹਾਂ ਕਿਸੇ ਵਾਧੂ ਖਰਚੇ ਦੇ ਕਿਸਾਨਾਂ ਨੂੰ ਦੇਣ, ਇੱਕ ਲੱਖ ਪ੍ਰਤੀ ਏਕੜ ਸਾਲਾਨਾ ਚਕੋਤਾ ਦੇਣ, ਕਿਸਾਨਾਂ ਨੂੰ ਇੱਕ ਤੋਂ ਵੱਧ ਪਾਕਿਟਾਂ ਵਿਚ ਆਉਣ ਵਾਲੀ ਜ਼ਮੀਨ ਦੀ ਲੈਂਡ ਪੂਲਿੰਗ ਵਾਧੂ ਰਕਬੇ ਵਾਲੇ ਖੇਤਰ ਵਿਚ ਦੇਣ, ਸਹੂਲਤ ਸਰਟੀਫ਼ਿਕੇਟ ਦੀ ਮਿਆਦ ਦਸ ਸਾਲ ਤੈਅ ਕਰਨ ਸਮੇਤ ਪਿੰਡ ਨੂੰ ਦੋ ਸੌ ਫੁੱਟ ਸੜਕ ਦੇਣ, ਸਾਂਝੇ ਕੰਮਾਂ ਲਈ ਪੰਜ ਏਕੜ ਥਾਂ ਪਿੰਡ ਦੇ ਨੇੜੇ ਛੱਡਣ ਸਮੇਤ 19 ਮੰਗਾਂ ਸ਼ਾਮਲ ਕੀਤੀਆਂ ਗਈਆਂ ਹਨ।
ਬੜੀ ਵਾਸੀ ਅੱਜ ਇਤਰਾਜ਼ ਦਰਜ ਕਰਾਉਣਗੇ
ਪਿੰਡ ਬੜੀ ਵਾਸੀਆਂ ਵੱਲੋਂ ਸਮੂਹਿਕ ਤੌਰ ’ਤੇ 5 ਫਰਵਰੀ ਨੂੰ ਗਮਾਡਾ ਦਫ਼ਤਰ ’ਚ ਇਤਰਾਜ਼ ਜਮ੍ਹਾਂ ਕਰਾਏ ਜਾਣਗੇ। ਪਿੰਡ ਦੇ ਨੌਜਵਾਨ ਆਗੂ ਗੁਰਪ੍ਰਤਾਪ ਸਿੰਘ ਬੜੀ ਨੇ ਦੱਸਿਆ ਕਿ ਇਸ ਇਕੱਠ ਵਿਚ ਅੱਠ ਪਿੰਡਾਂ ਦੇ ਮੋਹਤਬਰ ਵੀ ਸ਼ਾਮਿਲ ਹੋਣਗੇ ਤੇ ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਵੀ ਮਿਲ ਕੇ ਪਿੰਡਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ।

