Kurali Master Plan: ਬਲਾਕ ਮਾਜਰੀ ਦੇ ਕਈ ਪਿੰਡਾਂ ਦੇ ਸੈਂਕੜੇ ਏਕੜ ਰਕਬੇ ਨੂੰ ਗਰੀਨ ਜ਼ੋਨ ਵਿੱਚ ਰੱਖਣ ਦਾ ਵਿਰੋਧ
ਲੋਕਾਂ ਵੱਲੋਂ ਕੁਰਾਲੀ-ਸੀਸਵਾਂ-ਚੰਡੀਗੜ੍ਹ ਮਾਰਗ ’ਤੇ ਧਰਨਾ; ਗਰੀਨ ਜ਼ੋਨ ਵਿੱਚ ਸ਼ਾਮਲ ਪਿੰਡਾਂ ਦੇ ਵਸਨੀਕਾਂ ਵੱਲੋਂ ਸਰਕਾਰ, ਪ੍ਰਸ਼ਾਸਨ ਤੇ ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ
Kurali Master Plan: ਕੁਰਾਲੀ ਮਾਸਟਰ ਪਲਾਨ ਵਿੱਚ ਬਲਾਕ ਮਾਜਰੀ ਦੇ ਕਈ ਪਿੰਡਾਂ ਦੇ ਸੈਂਕੜੇ ਏਕੜ ਰਕਬੇ ਨੂੰ ਗਰੀਨ ਜ਼ੋਨ ਵਿੱਚ ਰੱਖਣ ਖ਼ਿਲਾਫ਼ ਅੱਜ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੇ ਬਲਾਕ ਬਲਾਕ ਮਾਜਰੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਕੁਰਾਲੀ-ਸੀਸਵਾਂ-ਚੰਡੀਗੜ੍ਹ ਸੜਕ ’ਤੇ ਜਾਮ ਲਗਾ ਕੇ ਸਰਕਾਰ ਅਤੇ ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬਲਾਕ ਮਾਜਰੀ ਦੇ ਮੇਨ ਚੌਕ ਵਿੱਚ ਲਾਏ ਧਰਨੇ ਵਿੱਚ ਬਜ਼ੀਦਪੁਰ, ਸਿਆਮੀਪੁਰ ਅਤੇ ਮਲਕਪੁਰ ਦੇ ਵਸਨੀਕਾਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਰੋਡ ਜਾਮ ਕਰ ਕੇ ਧਰਨਾ ਲਾਇਆ ਗਿਆ।
ਲੋਕ ਹਿੱਤ ਮਿਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਸ਼ਾਂਟੂ, ਜਸਪਾਲ ਸਿੰਘ ਲੱਕੀ, ਰਵਿੰਦਰ ਸਿੰਘ ਬਜ਼ੀਦਪੁਰ, ਭਗਤ ਸਿੰਘ ਭਗਤਮਾਜਰਾ, ਹਰਚੰਦ ਸਿੰਘ ਮਲਕਪੁਰ, ਬਲਕਾਰ ਸਿੰਘ ਮਲਕਪੁਰ, ਦਵਿੰਦਰ ਸਿੰਘ ਮਲਕਪੁਰ, ਬਲਜੀਤ ਸਿੰਘ ਸਿਆਮੀਪੁਰ, ਗੁਰਬਾਜ਼ ਸਿੰਘ ਸਿਆਮੀਪੁਰ, ਅਮਰਜੀਤ ਸਿੰਘ ਪਡਿਆਲਾ ਤੇ ਪਰਮਜੀਤ ਸਿੰਘ ਮਾਵੀ ਨੇ ਇਕੱਠ ਨੂੰ ਸੰਬੋਧਨ ਕਿਹਾ ਕਿ ਮਾਜਰੀ ਬਲਾਕ ਦੇ ਮੁੱਖ ਦਫ਼ਤਰ ਨੇੜਲੇ ਪਿੰਡਾਂ ਬਜ਼ੀਦਪੁਰ, ਸਿਆਮੀਪੁਰ ਅਤੇ ਮਲਕਪੁਰ ਦੇ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਹੀ ਉਪਜਾਊ ਜ਼ਮੀਨ ਦਾ ਸੈਂਕੜੇ ਏਕੜ ਰਕਬਾ ਗਰੀਨ ਜ਼ੋਨ ਵਿੱਚ ਸ਼ਾਮਲ ਕਰ ਕੇ ਕਿਸਾਨਾਂ ਨਾਲ ਧੱਕਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਕਿਸਾਨ ਕੁਰਾਲੀ ਮਾਸਟਰ ਪਲਾਨ ਦੀ ਥਾਂ ਨਿਊ ਚੰਡੀਗੜ੍ਹ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਨਿਊ ਚੰਡੀਗੜ੍ਹ ਹੱਬ ਨੇੜੇ ਪੈਂਦੀ ਇਨ੍ਹਾਂ ਪਿੰਡਾਂ ਦੀ ਜ਼ਮੀਨ ਨੂੰ ਗਰੀਨ ਜ਼ੋਨ ਅਧੀਨ ਲਿਆ ਕੇ ਸਾਲਾਬੱਧੀ ਜ਼ਬਤੀ ਕਰ ਕੇ ਰੱਖਣਾ ਗਮਾਡਾ ਦੀ ਲੈਂਡ ਪ੍ਰਚੇਜ਼ ਕੰਪਨੀਆਂ ਨਾਲ ਮਿਲੀਭੁਗਤ ਹੈ। ਇਸ ਮੌਕੇ ਪੁੱਜੀ ਪੁਲੀਸ ਤੇ ਅਧਿਕਾਰੀਆਂ ਨੇ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਮਸਲੇ ਦੇ ਹੱਲ ਲਈ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸੇ ਦੌਰਾਨ ਆਗੂਆਂ ਨੇ ਕਿਹਾ ਕਿ ਜੇ ਗਮਾਡਾ ਦੇ ਇਹ ਫ਼ੈਸਲਾ ਨਾ ਬਦਲਿਆ ਗਿਆ ਤਾਂ ਇਹ ਪਿੰਡ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਧਰਨੇ ਵਿੱਚ ਭਾਜਪਾ ਆਗੂ ਰਣਜੀਤ ਸਿੰਘ ਗਿੱਲ, ਅਕਾਲੀ ਆਗੂ ਰਵਿੰਦਰ ਸਿੰਘ ਖੇੜਾ, ਰਣਜੀਤ ਸਿੰਘ ਜੀਤੀ ਪਡਿਆਲਾ, ਕਮਲ ਕਿਸ਼ੋਰ ਖਰੜ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸਾਹਿਬ ਸਿੰਘ ਬਡਾਲੀ, ਮਨਦੀਪ ਸਿੰਘ ਖਿਜ਼ਰਾਬਾਦ, ਮੇਜਰ ਸਿੰਘ ਸੰਗਤਪੁਰਾ, ਹਰਜੀਤ ਸਿੰਘ ਹਰਮਨ, ਗਿਆਨ ਸਿੰਘ ਛੱਤ, ਯਾਦਵਿੰਦਰ ਸਿੰਘ ਬੰਨੀ ਕੰਗ, ਵਿਜੈ ਸ਼ਰਮਾ ਟਿੰਕੂ, ਕੁਲਵੰਤ ਸਿੰਘ ਸੰਗਤਪੁਰਾ ਤੇ ਸਰਬਜੀਤ ਸਿੰਘ ਕਾਦੀਮਾਜਰਾ ਨੇ ਸ਼ਮੂਲੀਅਤ ਕਰਦਿਆਂ ਲੋਕਾਂ ਦੇ ਹੱਕ ਵਿੱਚ ਡਟਣ ਦਾ ਐਲਾਨ ਕੀਤਾ।

