‘ਗਿਆਨ ਕਦੇ ਧੁੰਦਲਾ ਨਹੀਂ ਹੁੰਦਾ’; ਦੇਸ਼-ਵਿਦੇਸ਼ ਦੇ ਵਿਦਵਾਨਾਂ ਨੇ ਮਾਂ-ਬੋਲੀ ਦੀ ਅਮੀਰੀ ਅਤੇ ਸਿੱਖਿਆ ਦੇ ਮਹੱਤਵ ’ਤੇ ਪਾਈ ਰੌਸ਼ਨੀ
ਕੈਨੇਡਾ ’ਚ 12ਵੀਂ ਕੌਮਾਂਤਰੀ ਪੰਜਾਬੀ ਕਾਨਫਰੰਸ ਦਾ ਦੂਜਾ ਦਿਨ: ਮਾਂ-ਬੋਲੀ ਰਾਹੀਂ ਹੀ ਵਿੱਦਿਆ ਦੇ ਚਾਨਣ ਨਾਲ ਸਿਰਜਿਆ ਜਾ ਸਕਦੈ ਖੁਸ਼ਹਾਲ ਸਮਾਜ
ਕੈਨੇਡਾ ਵਿੱਚ ਆਰੰਭ ਹੋਈ 12ਵੀਂ ਤਿੰਨ-ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਦੇ ਅੱਜ ਦੂਸਰੇ ਦਿਨ ਸਿੱਖਿਆ ਦੇ ਮਹੱਤਵ ਬਾਰੇ ਸੈਮੀਨਾਰਾਂ ਦੇ ਚਾਰ ਸੈਸ਼ਨ ਅਤੇ ਕਵੀ ਦਰਬਾਰ ਆਯੋਜਿਤ ਕਰਵਾਇਆ ਗਿਆ। ਜਗਤ ਪੰਜਾਬੀ ਸਭਾ ਵੱਲੋਂ ਕਰਵਾਏ ਜਾ ਰਹੇ ਇਸ ਸੰਮੇਲਨ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਦਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅੱਖਰ ਗਿਆਨ ਮਨੁੱਖੀ ਆਤਮਾ ਦਾ ਸਵੈ-ਪ੍ਰਕਾਸ਼ ਹੈ, ਅੱਖਾਂ ਦੀ ਰੌਸ਼ਨੀ ਘਟ ਸਕਦੀ ਹੈ, ਪਰ ਗਿਆਨ ਕਦੇ ਧੁੰਦਲਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਵੱਡੇ ਆਦਮੀ ਉਹੀ ਹੋਏ ਹਨ ਜਿਹੜੇ ਅੱਖਰ ਗਿਆਨ ਦੀ ਰੌਸ਼ਨੀ ਵਿੱਚ ਸੰਘਰਸ਼ ਕਰਦੇ ਰਹੇ ਹਨ। ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਸਮਾਜ ਨੂੰ ਅੱਗੇ ਲੈ ਕੇ ਜਾਣ ਦਾ ਅਤੇ ਗ਼ਰੀਬੀ ਵਰਗੀ ਜ਼ਹਿਮਤ (ਮੁਸੀਬਤ) ਵਿੱਚੋਂ ਬਾਹਰ ਕੱਢਣ ਦਾ ਇੱਕੋ-ਇੱਕ ਤਰੀਕਾ ਵਿੱਦਿਆ ਹੈ। ਉਨ੍ਹਾਂ ਗੁਰਬਾਣੀ ਦੀ ਤੁਕ ਸਾਂਝੀ ਕਰਦਿਆਂ ਕਿਹਾ-‘ਫੈਲਿਆ ਵਿੱਦਿਆ ਚਾਨਣੁ ਹੋਇ’।
ਸੈਮੀਨਾਰ ਵਿੱਚ ਡਾ. ਸੁਰਜੀਤ ਸਿੰਘ ਭੱਟੀ, ਪੰਜਾਬੀ ਭਵਨ ਦੇ ਵਿੱਤ ਸਕੱਤਰ ਸੁਰਿੰਦਰ ਸਿੰਘ ਕੈਲੇ, ਵਿੱਦਿਆ ਸ਼ਾਸਤਰੀ ਬਲਜਿੰਦਰ ਸਿੰਘ ਬੁਰਾ, ਡਾ. ਬਲਵਿੰਦਰ ਕੌਰ ਭੱਟੀ, ਡਾ. ਜਗਦੀਪ ਕੌਰ, ਡਾ. ਰਫ਼ਾਤ ਅਲੀ ਅਕਬਰ, ਤਾਹਿਰ ਅਸਲਮ ਗੋਰਾ, ਜਸਤੇਜ ਸਿੱਧੂ, ਮੈਡਮ ਮਾਇਆ ਜਾਵੇਦ, ਸਈਅਦ ਹੁਸੈਨ, ਪਰਮਜੀਤ ਕੌਰ ਦਿਓਲ ਅਤੇ ਸੰਤੋਖ ਸਿੰਘ ਜੱਸੀ ਸੈਮੀਨਾਰ ਦੇ ਮੁੱਖ ਬੁਲਾਰੇ ਸਨ।
ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਸਾਨੂੰ ਗੁਰੂ ਨਾਨਕ ਦੇ ਖ਼ਾਬਾਂ ਦਾ ਪੰਜਾਬੀ ਸਮਾਜ ਸਿਰਜਣਾ ਪਵੇਗਾ, ਜਿਸ ਵਿੱਚ ਗਿਆਨ ਅਤੇ ਸਰਬ-ਸਾਂਝੀਵਾਲਤਾ ਦੇ ਸੁਨੇਹੇ ਹੋਣ; ਤਦ ਹੀ ਅਸੀਂ ਖੁਦ ਤਰੱਕੀ ਕਰ ਸਕਦੇ ਹਾਂ ਅਤੇ ਪੂਰੇ ਵਿਸ਼ਵ ਨੂੰ ਨਾਲ ਲੈ ਕੇ ਤੁਰ ਸਕਦੇ ਹਾਂ। ਸਾਨੂੰ ਮਜ਼੍ਹਬੀ ਵੰਡਾਂ ਤੋਂ ਉੱਪਰ ਉੱਠ ਕੇ ਗਿਆਨ ਦੀ ਰੌਸ਼ਨੀ ਵਿੱਚ ਅੱਗੇ ਵਧਣਾ ਚਾਹੀਦਾ ਹੈ।
ਸੁਰਿੰਦਰ ਕੈਲੇ ਨੇ ਕਿਹਾ ਕਿ ਪੰਜਾਬੀ ਬੋਲੀ ਵਿੱਚ ਦੁਨੀਆਂ ਦੇ ਆਧੁਨਿਕ ਗਿਆਨ ਨੂੰ ਜ਼ਬਾਨ ਦੇਣ ਦੀ ਸਮਰੱਥਾ ਹੈ। ਸੰਸਾਰ ਦੀਆਂ ਹੋਰਨਾਂ ਬੋਲੀਆਂ ਵਿੱਚ ਉਚਾਰਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਪੰਜਾਬੀ ਕੋਲ ਇੱਕ ਅਜਿਹੀ ਸਮਰੱਥ ਲਿਪੀ (ਗੁਰਮੁਖੀ) ਹੈ ਜਿਸ ਵਿੱਚ ਹਰ ਉਚਾਰਨ ਨੂੰ ਪ੍ਰਗਟ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਸਰਕਾਰ-ਦਰਬਾਰ ਦੀ ਭਾਸ਼ਾ ਨਹੀਂ ਰਹੀ, ਜੇਕਰ ਇਹ ਅੱਜ ਵੀ ਸਰਵਾਈਵ (ਜੀਵਿਤ) ਕਰ ਰਹੀ ਹੈ ਤਾਂ ਇਸ ਦਾ ਕਾਰਨ ਇਹੋ ਹੈ ਕਿ ਇਸ ਦੀ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਸਮਰੱਥਾ ਵਧੇਰੇ ਹੈ।
ਪ੍ਰਿੰਸੀਪਲ ਡਾ. ਜਗਦੀਪ ਕੌਰ ਨੇ ਕਿਹਾ ਕਿ ਚੀਨੀ ਤੋਂ ਬਾਅਦ ਪੰਜਾਬੀ ਸੰਸਾਰ ਦੇ ਨਵੇਂ ਜ਼ਮਾਨੇ ਵਿੱਚ ਸਭ ਤੋਂ ਵੱਧ ਉੱਭਰਨ ਵਾਲੀ ਭਾਸ਼ਾ ਬਣੇਗੀ। ਸੰਤੋਖ ਜੱਸੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਵੀ ਗਿਆਨ ਦੀ ਹੀ ਦੇਣ ਹਨ। ਪਿਆਰਾ ਸਿੰਘ ਕੁਦੋਵਾਲ ਨੇ ਕਿਹਾ ਕਿ ਮਨੁੱਖੀ ਸੱਭਿਆਚਾਰਕ ਅਮੀਰੀ ਉਸ ਦੀ ਮਾਂ-ਬੋਲੀ ਨਾਲ ਹੀ ਆਉਂਦੀ ਹੈ। ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਸ ਉੱਪਰ ਅੱਜ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਖੋਜਾਂ ਹੋ ਰਹੀਆਂ ਹਨ।
ਕੈਨੇਡਾ ਦੀ ਸਿਰਕੱਢ ਪੰਜਾਬੀ ਕਵਿੱਤਰੀ ਪਰਮਜੀਤ ਕੌਰ ਦਿਓਲ ਨੇ ਕਿਹਾ ਕਿ ਕੈਨੇਡਾ ਵਿੱਚ ਪੰਜਾਬੀ ਲਈ ਬਹੁਤ ਵੱਡੇ ਉਪਰਾਲੇ ਹੋ ਰਹੇ ਹਨ। ਬਲਵਿੰਦਰ ਕੌਰ ਭੱਟੀ ਨੇ ਕਿਹਾ ਕਿ ਮਾਂ-ਬੋਲੀ ’ਤੇ ਮਾਣ ਕਰਨਾ ਬੰਗਾਲੀਆਂ ਤੋਂ ਸਿੱਖਣ ਦੀ ਲੋੜ ਹੈ, ਰਬਿੰਦਰਨਾਥ ਟੈਗੋਰ ਨੇ ਬਲਰਾਜ ਸਾਹਨੀ ਜਿਹੇ ਅਨੇਕਾਂ ਲੇਖਕਾਂ ਨੂੰ ਪੰਜਾਬੀ ਵਿੱਚ ਲਿਖਣ ਲਈ ਪ੍ਰੇਰਿਤ ਕੀਤਾ ਸੀ।
ਇਸ ਮੌਕੇ ਸੰਤੋਖ ਸਿੰਘ ਸੰਧੂ, ਸੰਗੀਤ ਸਿੰਘ, ਮਨਦੀਪ ਕੌਰ ਮਾਂਗਟ, ਹਰਜਿੰਦਰ ਕੌਰ ਸੀਰਾ, ਸਰਦੂਲ ਸਿੰਘ ਤਿਹਾੜਾ, ਰਮਿੰਦਰ ਵਾਲੀਆ, ਨਾਹਰ ਸਿੰਘ ਔਜਲਾ, ਰਮਨੀ ਬੱਤਰਾ ਅਤੇ ਅਜਾਇਬ ਸਿੰਘ ਚੱਠਾ ਆਦਿ ਬੁਲਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਾਜ ਸੇਵੀ ਸੰਸਥਾਵਾਂ ਇਹ ਯਕੀਨੀ ਬਣਾਉਣ ਕਿ ਕੋਈ ਵੀ ਬੱਚਾ ਗ਼ਰੀਬੀ ਕਾਰਨ ਅਣਪੜ੍ਹ ਨਾ ਰਹੇ, ਤਾਂ ਹੀ ਇੱਕ ਖੁਸ਼ਹਾਲ ਪੰਜਾਬੀ ਸਮਾਜ ਦੀ ਸਿਰਜਣਾ ਕੀਤੀ ਜਾ ਸਕੇਗੀ।
ਅੰਤ ਵਿੱਚ ਆਏ ਮਹਿਮਾਨਾਂ ਅਤੇ ਸਰੋਤਿਆਂ ਦਾ ਮੁੱਖ ਪ੍ਰਬੰਧਕ ਅਜਾਇਬ ਸਿੰਘ ਚੱਠਾ ਨੇ ਧੰਨਵਾਦ ਕੀਤਾ ਅਤੇ ਕਾਨਫਰੰਸ ਦੇ ਭਲਕੇ (ਆਖ਼ਰੀ ਦਿਨ) ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।

