ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 20 ਜਨਵਰੀ
ਮੁਹਾਲੀ ਜ਼ਿਲ੍ਹੇ ਵਿੱਚ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ। ਇੱਥੋਂ ਦੇ ਸ਼ਮਸ਼ਾਨਘਾਟ ਵਿੱਚ ਮਰੇ ਹੋਏ ਮਿਲੇ ਇਕ ਕਾਂ ਦੇ ਨਮੂਨੇ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਸਵਾਂ ਡੈੱਮ ’ਤੇ ਹਫ਼ਤਾ ਪਹਿਲਾਂ ਮਿਲੇ ਮ੍ਰਿਤਕ ਜਾਨਵਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਫ਼ਤਾ ਕੁ ਪਹਿਲਾਂ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਵੱਖ-ਵੱਖ ਥਾਵਾਂ ’ਤੇ ਅੱਧੀ ਦਰਜਨ ਤੋਂ ਵੱਧ ਮਰੇ ਹੋਏ ਕਾਂ ਮਿਲੇ ਸਨ। ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਨੇ ਇਨ੍ਹਾਂ ਪੰਛੀਆਂ ਨੂੰ ਪਸ਼ੂ ਹਸਪਤਾਲ ਬਲੌਂਗੀ ਵਿੱਚ ਪਹੁੰਚਾਇਆ ਸੀ ਜਿਥੇ ਮ੍ਰਿਤਕ ਕਾਂਵਾਂ ਦੇ ਸੈਂਪਲਾਂ ਲੈ ਕੇ ਜਾਂਚ ਲਈ ਜਲੰਧਰ ਲੈਬਾਰਟੀ ਵਿੱਚ ਭੇਜਿਆ ਗਿਆ ਸੀ। ਇਨ੍ਹਾਂ ’ਚੋਂ ਇਕ ਕਾਂ ਦੇ ਨਮੂਨੇ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਧਰ, ਐੱਨਆਰਡੀਡੀਐੱਲ ਦੇ ਸੰਯੁਕਤ ਡਾਇਰੈਕਟਰ ਮੋਹਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ’ਚੋਂ ਲਏ ਨਮੂਨਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਬੇਹੜਾ ਸਥਿਤ ਦੋ ਪੋਲਟਰੀ ਫਾਰਮਾਂ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਅਲਫਾ ਪੋਲਟਰੀ ਫਾਰਮ ਅਤੇ ਰਾਇਲ ਪੋਲਟਰੀ ਫਾਰਮ ਦੇ ਸੈਂਪਲਾਂ ਦੀ ਰਿਪੋਰਟ ਜਲੰਧਰ ਲੈਬ ਤੋਂ ਬਾਅਦ ਹੁਣ ਭੋਪਾਲ ਲੈਬ ਵੱਲੋਂ ਵੀ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਦੋਵੇਂ ਪੋਲਟਰੀ ਫਾਰਮਾਂ ਦੀ ਮੁਰਗੀਆਂ ਨੂੰ ਮਾਰਨ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਏਗਾ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ 21 ਜਨਵਰੀ ਤੋਂ ਮੁਰਗੀਆਂ ਨੂੰ ਮਾਰਨ ਦੀ ਕਾਰਵਾਈ ਸ਼ੁਰੂ ਹੋਵੇਗੀ। ਦੋਵੇਂ ਪੋਲਟਰੀ ਫਾਰਮਾਂ ਵਿੱਚ ਇਕ ਲੱਖ 15 ਹਜ਼ਾਰ ਦੇ ਕਰੀਬ ਮੁਰਗੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪੋਲਟਰੀ ਫਾਰਮਾਂ ਤੋਂ ਅੰਡੇ ਹਰਿਆਣਾ ਦੇ ਬਰਵਾਲਾ ਸਮੇਤ ਹੋਰਨਾਂ ਖੇਤਰ ਵਿੱਚ ਸਪਲਾਈ ਹੁੰਦੇ ਹਨ।