ਲਾਗਤ ਦੀ ਘੁੰਮਣਘੇਰੀ ਵਿਚ ਫਸਿਆ Kiratpur Sahib-Nangal Highway ਪ੍ਰਾਜੈਕਟ
Kiratpur Nangal Highway: ਕੇਂਦਰੀ ਮੰਤਰਾਲੇ ਨੇ ਲਾਗਤ ਘਟਾਉਣ ਲੲੀ ਕਿਹਾ; ਸੋਧੀ ਹੋੲੀ ਡੀ ਪੀ ਆਰ ਜਲਦੀ ਹੀ ਜਮ੍ਹਾਂ ਕਰਵਾੲੀ ਜਾ ਰਹੀ ਹੈ: ਬੈਂਸ
Kiratpur Nangal Highway: ਕੀਰਤਪੁਰ ਸਾਹਿਬ-ਨੰਗਲ ਹਾਈਵੇਅ ਦੇ ਇਕ ਹਿੱਸੇ ਨੂੰ ਚਹੁੰ-ਮਾਰਗੀ ਬਣਾਉਣ ਦੀ ਤਜਵੀਜ਼ ਪ੍ਰਾਜੈਕਟ ਦੀ ਉੱਚੀ ਲਾਗਤ ਦੀ ਘੁੰਮਣਘੇਰੀ ਵਿਚ ਫਸ ਗਈ ਹੈ।
ਇਹ ਸੜਕ 30 ਕਿਲੋਮੀਟਰ ਲੰਬੀ ਹੋਵੇਗੀ ਤੇ ਇਸ ਚਹੁੰ-ਮਾਰਗੀ ਪ੍ਰਾਜੈਕਟ ਲਈ ਤਿਆਰ ਕੀਤੀ ਗਈ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ ਪੀ ਆਰ) ਵਿੱਚ ਇਸ ਦੀ ਲਾਗਤ ਲਗਪਗ 2,700 ਕਰੋੜ ਰੁਪਏ ਦੱਸੀ ਗਈ ਹੈ, ਜੋ ਕਿ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ 1,200 ਕਰੋੜ ਰੁਪਏ (ਜਿਸ ਵਿੱਚ ਜ਼ਮੀਨ ਗ੍ਰਹਿਣ ਕਰਨ ਲਈ 400 ਕਰੋੜ ਰੁਪਏ ਵੀ ਸ਼ਾਮਲ ਹਨ) ਨਾਲੋਂ ਲਗਪਗ ਦੁੱਗਣੀ ਹੈ। ਇਸ ਤੋਂ ਬਾਅਦ ਕੇਂਦਰੀ ਮੰਤਰਾਲੇ ਨੇ ਪੰਜਾਬ ਨੂੰ ਕਿਹਾ ਹੈ ਕਿ ਉਹ ਅਨੁਮਾਨਿਤ ਲਾਗਤ ਨੂੰ ਘਟਾਉਣ।
ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲਾਗਤ ਵਿੱਚ ਵਾਧਾ ਮੁੱਖ ਤੌਰ ’ਤੇ ਸਲਾਹਕਾਰਾਂ ਵੱਲੋਂ ਤਿਆਰ ਕੀਤੇ ਗਏ ਅਨੁਮਾਨਾਂ ਵਿੱਚ ਗਲਤੀਆਂ ਕਾਰਨ ਹੋਇਆ ਹੈ। ਉਨ੍ਹਾਂ ਕਿਹਾ, “ਗਲਤੀਆਂ ਨੂੰ ਦਰੁਸਤ ਕਰ ਲਿਆ ਗਿਆ ਹੈ ਅਤੇ ਇੱਕ ਸੋਧਿਆ ਹੋਇਆ ਪ੍ਰਾਜੈਕਟ ਕੇਂਦਰੀ ਮੰਤਰਾਲੇ ਕੋਲ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਸੋਧੇ ਹੋਏ ਪ੍ਰਾਜੈਕਟ ਦੀ ਲਾਗਤ ਮਨਜ਼ੂਰਸ਼ੁਦਾ ਬਜਟ ਦੇ ਅੰਦਰ ਹੀ ਰਹੇਗੀ।” ਬੈਂਸ ਨੇ ਕਿਹਾ ਕਿ ਉਹ ਚਹੁੰ-ਮਾਰਗੀ ਪ੍ਰਾਜੈਕਟ ਦੀ ਸਰਗਰਮੀ ਨਾਲ ਪੈਰਵਾਈ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਜ਼ਮੀਨ ਗ੍ਰਹਿਣ ਕਰਨ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ।
ਇਸ ਪ੍ਰਾਜੈਕਟ ਲਈ ਜ਼ਮੀਨ ਹਾਸਲ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਵਿਚਕਾਰ ਕੇਂਦਰੀ ਮੰਤਰਾਲੇ ਨੇ ਪੰਜਾਬ ਵਿੱਚ ਕਈ ਸੜਕੀ ਪ੍ਰਾਜੈਕਟਾਂ ਦੀ ਰਫਤਾਰ ਨੂੰ ਹੌਲੀ ਕਰ ਦਿੱਤਾ ਹੈ। ਉਨ੍ਹਾਂ ਹੋਰ ਕਿਹਾ ਕਿ ਮੰਤਰਾਲੇ ਨੇ ਇੱਕ ਸ਼ਰਤ ਰੱਖੀ ਹੈ ਕਿ ਕੌਮੀ ਸ਼ਾਹਰਾਹ ਅਥਾਰਟੀ ਦੇ ਪੰਜਾਬ ਵਿੱਚ ਸੜਕੀ ਪ੍ਰਾਜੈਕਟਾਂ ਦੇ ਟੈਂਡਰ ਉਦੋਂ ਹੀ ਜਾਰੀ ਕੀਤੇ ਜਾਣਗੇ ਜਦੋਂ ਲੋੜੀਂਦੀ ਜ਼ਮੀਨ ਦਾ 90 ਫ਼ੀਸਦੀ ਹਿੱਸਾ ਗ੍ਰਹਿਣ ਕਰ ਲਿਆ ਜਾਵੇਗਾ। ਪੰਜਾਬ ਵਿੱਚ ਕਿਸਾਨਾਂ ਵੱਲੋਂ ਜ਼ਮੀਨ ਗ੍ਰਹਿਣ ਕਰਨ ਦੇ ਵਿਰੋਧ ਕਾਰਨ ਕਈ ਸ਼ਾਹਰਾਹ ਪ੍ਰਾਜੈਕਟ ਪ੍ਰਭਾਵਿਤ ਹੋਏ ਹਨ। ਕੀਰਤਪੁਰ ਸਾਹਿਬ-ਨੰਗਲ ਪ੍ਰਾਜੈਕਟ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਐੱਨ ਐੱਚ-503 ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲਾ ਇੱਕ ਪ੍ਰਮੁੱਖ ਰੂਟ ਹੈ।

