ਸ਼ਰਾਬ ਦੀ ਬੋਤਲ ਸਿਰ ਵਿੱਚ ਮਾਰ ਕੇ ਹੱਤਿਆ

ਮਨੀਮਾਜਰਾ ਦੇ ਪਿਪਲੀ ਟਾਊਨ ਵਿੱਚ ਵਾਪਰੀ ਘਟਨਾ; ਮੁਲਜ਼ਮ ਗ੍ਰਿਫ਼ਤਾਰ

ਸ਼ਰਾਬ ਦੀ ਬੋਤਲ ਸਿਰ ਵਿੱਚ ਮਾਰ ਕੇ ਹੱਤਿਆ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 2 ਜੂਨ

 

ਮੁੱਖ ਅੰਸ਼

  • ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭੀ
  • ਰਿਸ਼ਤੇਦਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ

ਮਨੀਮਾਜਰਾ ਦੇ ਪਿਪਲੀ ਟਾਊਨ ਵਿੱਚ ਰਹਿੰਦੇ 60 ਸਾਲਾਂ ਦੇ ਬਜ਼ੁਰਗ ਭੁਲਾਵਨ ਰਾਵਤ ਵਾਸੀ ਗੌਂਡਾ (ਉੱਤਰ ਪ੍ਰਦੇਸ਼) ਦੀ ਹੱਤਿਆ ਕਰ ਦਿੱਤੀ ਗਈ ਹੈ। ਊਸ ਦੇ ਸਿਰ ਵਿੱਚ ਸ਼ਰਾਬ ਦੀ ਬੋਤਲ ਮਾਰ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਮਨੀਮਾਜਰਾ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਕੁਝ ਘੰਟਿਆਂ ਵਿੱਚ ਹੀ ਹੱਤਿਆ ਦੇ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਜਿਸ ਦੀ ਪਛਾਣ ਕਰਨ ਵਾਸੀ ਨਵਾਂ ਗਾਉਂ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਭੁਲਾਵਨ ਰਾਵਤ ਪਿਛਲੇ 30 ਸਾਲਾਂ ਤੋਂ ਪਿਪਲੀ ਵਾਲਾ ਟਾਊਨ ’ਚ ਰਹਿੰਦਾ ਸੀ ਅਤੇ ਆਰੇ ’ਤੇ ਕੰਮ ਕਰਦਾ ਸੀ। ਮਨੀਮਾਜਰਾ ਦੇ ਸ਼ਾਂਤੀ ਨਗਰ ਵਿੱਚ ਊਸ ਦਾ ਰਿਸ਼ਤੇਦਾਰ ਰਾਜਨ ਰਹਿੰਦਾ ਹੈ ਜਿਸ ਨੇ ਅੱਜ ਸਵੇਰੇ 7.30 ਵਜੇ ਦੇ ਕਰੀਬ ਭੁਲਾਵਨ ਨੂੰ ਖੂਨ ਨਾਲ ਲੱਥਪਥ ਹਾਲਤ ਵਿੱਚ ਦੇਖਿਆ ਤੇ ਪੁਲੀਸ ਨੂੰ ਸੂਚਿਤ ਕੀਤਾ। ਇਸ ਮਗਰੋਂ ਥਾਣਾ ਮਨੀਮਾਜਰਾ ਦੀ ਮੁਖੀ ਜਸਵਿੰਦਰ ਕੌਰ ਨੇ ਪੁਲੀਸ ਪਾਰਟੀ ਸਮੇਤ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਤਾਂ ਕਰਨ ਨੂੰ ਇਸ ਕੇਸ ਵਿੱਚ ਸ਼ੱਕੀ ਪਾਇਆ ਗਿਆ। ਪੁਲੀਸ ਨੇ ਕਾਰਵਾਈ ਕਰਦਿਆਂ ਕਰਨ ਨੂੰ ਮਨੀਮਾਜਰਾ ਬੱਸ ਸਟੈਂਡ ਦੇ ਨਜ਼ਦੀਕ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਊਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਭੁਲਾਵਨ ਨੂੰ ਕਈ ਦਿਨਾਂ ਤੋਂ ਜਾਣਦਾ ਹੈ। ਉਸ ਨੇ ਦੱਸਿਆ ਕਿ ਉਹ ਚੁੰਨੀ ਲਾਲ ਢਾਬੇ ’ਤੇ ਕੰਮ ਕਰਦਾ ਹੈ ਪਰ ਲੌਕਡਾਊਨ ਕਰਕੇ ਉਸ ਦੀ ਨੌਕਰੀ ਚਲੀ ਗਈ ਹੈ।

ਚਾਹ ਦੀ ਦੁਕਾਨ ਨੂੰ ਲੈ ਕੇ ਵਿਵਾਦ ਭਖਿਆ

ਪੁਲੀਸ ਅਨੁਸਾਰ ਮੁਲਜ਼ਮ ਕਰਨ ਨੇ ਦੱਸਿਆ ਕਿ ਭੁਲਾਵਨ ਨੇ ਉਸ ਨੂੰ ਚਾਹ ਦੀ ਦੁਕਾਨ ਚਲਾਊਣ ਵਿੱਚ ਮਦਦ ਕੀਤੀ ਸੀ ਅਤੇ ਦੁਕਾਨ ’ਤੇ ਕੰਮ ਵੀ ਵਧੀਆ ਚੱਲ ਪਿਆ ਸੀ। ਉਸ ਨੇ ਦੱਸਿਆ ਕਿ ਚਾਹ ਦੀ ਦੁਕਾਨ ’ਤੇ ਕੰਮ ਵਧੀਆ ਚੱਲਣ ਕਰਕੇ ਭੁਲਾਵਨ ਆਪਣੇ ਲੜਕੇ ਨੂੰ ਵੀ ਚਾਹ ਦੀ ਦੁਕਾਨ ਕਰਵਾਉਣੀ ਚਾਹੁੰਦਾ ਸੀ। ਇਸ ਤੋਂ ਗੁੱਸੇ ਵਿੱਚ ਆਏ ਕਰਨ ਨੇ ਕਥਿਤ ਤੌਰ ’ਤੇ ਭੁਲਾਵਨ ਨਾਲ ਸ਼ਰਾਬ ਪੀਤੀ ਅਤੇ ਸ਼ਰਾਬ ਦੀ ਬੋਤਲ ਊਸ ਦੇ ਸਿਰ ਵਿੱਚ ਮਾਰ ਕੇ ਹੱਤਿਆ ਕਰ ਦਿੱਤੀ। ਥਾਣੀ ਮਨੀਮਾਜਰਾ ਦੀ ਪੁਲੀਸ ਨੇ ਭੁਲਾਵਨ ਦੇ ਨਜ਼ਦੀਕੀ ਰਾਜਨ ਦੀ ਸ਼ਿਕਾਇਤ ਦੇ ਆਧਾਰ ’ਤੇ ਕਰਨ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All