ਖੱਟਰ ਵੱਲੋਂ ਮੋਰਨੀ ਵਿੱਚ ਐਡਵੈਂਚਰ ਖੇਡਾਂ ਦਾ ਉਦਘਾਟਨ

ਖੱਟਰ ਵੱਲੋਂ ਮੋਰਨੀ ਵਿੱਚ ਐਡਵੈਂਚਰ ਖੇਡਾਂ ਦਾ ਉਦਘਾਟਨ

ਮੋਰਨੀ ਵਿੱਚ ਐਡਵੈਂਚਰ ਪਾਰਕ ਦਾ ਉਦਘਾਟਨ ਕਰਨ ਲਈ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ। ਫੋਟੋ: ਰਵੀ ਕੁਮਾਰ

ਪੀ ਪੀ ਵਰਮਾ

ਪੰਚਕੂਲਾ, 20 ਜੂਨ

ਹਰਿਆਣਾ ਦੇ ਮੁੱਖ ਮੰਤਰੀ ਨੇ ਮੋਰਨੀ ਵਿੱਚ ਐਡਵੈਂਚਰ ਖੇਡਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਮੋਰਨੀ ਵਿੱਚ ਅਥਲੀਟ ਮਿਲਖਾ ਸਿੰਘ ਦੇ ਨਾਂ ’ਤੇ ਖੇਡ ਕਲੱਬ ਬਣਾਇਆ ਜਾਵੇਗਾ। ਇਸ ਮੌਕੇ ਖੇਡ ਮੰਤਰੀ ਸੰਦੀਪ ਸਿੰਘ, ਜੰਗਲਾਤ ਵਿਭਾਗ ਦੇ ਮੰਤਰੀ ਕੰਵਰਪਾਲ, ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਵੀ ਮੌਜੂਦ ਸਨ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੈਰਾ-ਗਲਾਈਡਿੰਗ ਸ਼ੁਰੂ ਹੋ ਰਹੀ ਹੈ ਜਦਕਿ ਬੋਟਿੰਗ ਅਤੇ ਹਾਰਟਬੈਲੂਨ ਐਡਵੈਂਚਰ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਜੌਰ ਦੇ ਐਵੀਏਸ਼ਨ ਕਲੱਬ ਦੇ ਰਨਵੇਅ ਤੋਂ ਜਲਦੀ ਹੀ ਛੋਟੀ ਏਅਰ ਟੈਕਸੀ ਚਲਾਈ ਜਾਵੇਗੀ ਜੋ ਪਿੰਜੌਰ, ਇਸ ਦੇ ਨਾਲ ਲੱਗਦੇ ਹਿਮਾਚਲ ਦੇ ਇਲਾਕਿਆਂ ਤੋਂ ਹੁੰਦੀ ਹੋਈ ਹਰਿਆਣਾ ਦੇ ਮੋਰਨੀ ਇਲਾਕੇ ਦੀ ਸੈਰ ਕਰਵਾਏਗੀ। ਉਨ੍ਹਾਂ ਕਿਹਾ ਕਿ ਪਿੰਜੌਰ ਦੇ ਗਾਰਡਨ ਨੂੰ ਹੋਰ ਖੂਬਸੂਰਤ ਬਣਾਇਆ ਜਾਵੇਗਾ ਅਤੇ ਮੋਰਨੀ ਨੂੰ ਉੱਤਮ ਸੈਰਗਾਹ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਉਹ ਐਡਵੈਂਚਰ ਸਮਾਗਮ ਵਿੱਚ ਆਏ ਹਨ ਅਤੇ ਇਸੇ ਤਰ੍ਹਾਂ ਜਦੋਂ ਹੋਰ ਗਤੀਵਿਧੀਆਂ ਸ਼ੁਰੂ ਹੋਈਆਂ ਤਾਂ ਉਹ ਉਨ੍ਹਾਂ ਵਿੱਚ ਵੀ ਸ਼ਾਮਲ ਹੋਣਗੇ। ਇਸ ਮੌਕੇ ਮੁੱਖ ਮੰਤਰੀ ਸ੍ਰੀ ਖੱਟਰ ਨੇ ਕਿਹਾ ਕਿ ਪਿੰਡ ਥਾਪਲੀ ਵਿੱਚ ਪੰਚਕਰਮਾ ਕੇਂਦਰ ਬਣਾਇਆ ਗਿਆ ਹੈ ਅਤੇ ਮੋਰਨੀ ਨੂੰ ਰੇਲ ਅਤੇ ਹਵਾਈ ਕਨੈਕਟੀਵਿਟੀ ਤੇ ਲੋਕਲ ਏਅਰਪੋਰਟ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਕੂਲਾ ਵਿੱਚ ਟੂਰਿਜ਼ਮ ਕੇਂਦਰ ਬਣਾਇਆ ਜਾਵੇਗਾ ਜਿਸ ਵਿੱਚ 60 ਕਮਰੇ ਬਣਾਏ ਜਾਣਗੇ। ਇਸ ਮੌਕੇ ਸਪੀਕਰ ਗਿਆਨ ਚੰਦ ਗੁਪਤਾ ਤੇ ਜੰਗਲਾਤ ਵਿਭਾਗ ਦੇ ਮੰਤਰੀ ਕੰਵਰਪਾਲ ਨੇ ਵੀ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All