ਖਰੜ ਕੌਂਸਲ ਵੱਲੋਂ 146.76 ਕਰੋੜ ਰੁਪਏ ਦਾ ਬਜਟ ਪਾਸ
ਸ਼ਸ਼ੀ ਪਾਲ ਜੈਨ
ਖਰੜ, 5 ਮਾਰਚ
ਅੱਜ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਖਰੜ ਸ਼ਹਿਰ ਦੀ ਵਿਕਾਸ ਅਤੇ ਹੋਰ ਕਾਰਜਾਂ ਦੀ ਤਹਿਤ 2025-26 ਲਈ 146 ਕਰੋੜ 76 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ। ਇਸ ਬਜਟ ਵਿੱਚ ਸ਼ਹਿਰ ਦੇ ਗਲੀਆਂ ਨਾਲੀਆਂ, ਸੜਕਾਂ ਦੀ ਮੁਰੰਮਤ ਲਈ ਦਫ਼ਤਰੀ ਅਤੇ ਸੋਰਸ ਪਾਰਕਾਂ ਦੀ ਪਲਾਟੇਸ਼ਨ ਮਸੀਨ ਦੀ ਖਰੀਦਰੀ, ਕਮਿਊਨਿਟੀ ਸੈਂਟਰ, ਬਿਲਡਿੰਗਾਂ ਫਾਇਰ ਅਤੇ ਹੋਰ ਸ਼ਾਮਲ ਕੀਤੇ ਗਏ ਹਨ।
ਕੌਂਸਲਰ ਗੋਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਝੁੱਗੀਆਂ ਖਰੜ ਵਿੱਚ ਸੜਕ ਦਾ ਬੁਰਾ ਹਾਲ ਹੈ, ਜਿਸ ਨੂੰ ਜਲਦੀ ਠੀਕ ਕਰਨ ਦੀ ਲੋੜ ਹੈ। ਰਾਜਵੀਰ ਸਿੰਘ ਰਾਜੀ ਨੇ ਕਿਹਾ ਕਿ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਹੈ, ਜਿਸ ਕਾਰਨ ਬਿਮਾਰੀਆਂ ਦਾ ਡਰ ਹੈ। ਉਨ੍ਹਾਂ ਕਿਹਾ ਕਿ ਕੇਐੱਫਸੀ ਚੌਕ ਤੋਂ ਲੈ ਕੇ ਨਿੱਝਰ ਰੋਡ ਤੱਕ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਹੈ। ਰਾਮ ਸਰੂਪ ਸ਼ਰਮਾ ਅਤੇ ਸੋਹਣ ਸਿੰਘ ਤੇ ਵਨੀਤ ਜੈਨ ਨੇ ਕਿਹਾ ਕਿ ਸਟਰੀਟ ਲਾਈਟਾਂ ਦਾ ਕੰਮ-ਕਾਜ ਤਸੱਲੀਬਖ਼ਸ਼ ਨਹੀਂ ਹੈ, ਇਸ ਕਰਕੇ ਇਸ ਠੇਕੇ ਨੂੰ ਰੱਦ ਕਰਕੇ ਨਗਰ ਕੌਂਸਲ ਆਪਣੇ ਤੌਰ ’ਤੇ ਕੰਮ ਕਰੇ। ਕੌਂਸਲਰ ਵਨੀਤ ਜੈਨ ਨੇ ਮੰਗ ਕੀਤੀ ਹੈ ਕਿ ਰਾਮਬਾਗ ਰੋਡ ਦੀ ਮਾੜੀ ਹਾਲਤ ਹੈ। ਇਸ ਤੋਂ ਇਲਾਵਾ ਵਾਟਰ ਸਪਲਾਈ ਤੇ ਸੀਵਰਮੈਨ ਮੁਲਾਜ਼ਮਾਂ ਦਾ ਬੀਮਾ, ਫਿਊਨਰਲ ਵੈਨ ਤੇ ਸੀਵਰੇਜ ਮਸ਼ੀਨ ਖਰੀਦੀ ਜਾਵੇ। ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆਂ ਨੇ ਕਿਹਾ ਕਿ ਫਿਊਨਰਲ ਵੈਨ ਅਤੇ ਅੱਠ ਫਰਿਜ਼ਾਂ ਲਈ ਮਤੇ ਪਾਸ ਹਨ ਜਿਹੜੇ ਕਿ ਜਲਦੀ ਟੈਂਡਰ ਲੱਗ ਰਹੇ ਹਨ ਤੇ ਰੋਟਰੀ ਕਲੱਬ ਵੱਲੋਂ ਵੀ ਫਿਊਨਰਲ ਵੈਨ ਮੁਹੱਈਆ ਕਰਾਉਣ ਲਈ ਗੱਲਬਾਤ ਕੀਤੀ ਹੋਈ ਹੈ। ਕਜੌਲੀ ਵਾਟਰ ਵਰਕਸ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਮਤਾ ਪਾਸ ਕੀਤਾ ਹੈ, ਇਸ ਸਬੰਧੀ ਸੀਵਰੇਜ ਡਿਪਾਰਟਮੈਂਟ ਹੀ ਇਸ ਦਾ ਜਵਾਬਦੇਹ ਹਨ।