Khamanon Nagar Panchayat: ਸੁਨੀਤਾ ਰਾਣੀ ਨਗਰ ਪੰਚਾਇਤ ਖਮਾਣੋਂ ਦੀ ਪ੍ਰਧਾਨ ਬਣੀ
ਅਸ਼ੋਕ ਕੁਮਾਰ ਵਰਮਾ ਮੀਤ ਪ੍ਰਧਾਨ ਬਣੇ; ਵਿਧਾਇਕ ਦੀ ਹਾਜ਼ਰੀ ਵਿੱਚ ਚੋਣ ਹੋਈ
ਨਗਰ ਪੰਚਾਇਤ ਖਮਾਣੋਂ ਦੀ ਪ੍ਰਧਾਨਗੀ ਦੀ ਚੋਣ ਸਬੰਧੀ ਮੀਟਿੰਗ ਅੱਜ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਖਮਾਣੋਂ ਦੇ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਸੁਨੀਤਾ ਰਾਣੀ ਪਤਨੀ ਦਰਸ਼ਨ ਕੁਮਾਰ ਸੋਨੀ , ਸੋਨੀ ਸਵੀਟ ਖਮਾਣੋਂ ਨਗਰ ਪੰਚਾਇਤ ਖਮਾਣੋਂ ਦੀ ਪ੍ਰਧਾਨ ਬਣੀ ਮੀਟਿੰਗ ਵਿੱਚ ਪਹਿਲਾਂ ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ, ਮਗਰੋਂ ਮੀਟਿੰਗ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਇਸ ਵਿੱਚ ਐੱਸ ਡੀ ਐੱਮ ਅਰਵਿੰਦ ਕੁਮਾਰ ਗੁਪਤਾ ਕਨਵੀਨਰ ਕਮ ਐੱਸ ਡੀ ਐੱਮ ਖਮਾਣੋਂ ਪਹੁੰਚੇ। ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਮੀਟਿੰਗ ਉਪਰੰਤ ਦੱਸਿਆ ਕਿ ਕਿ ਪ੍ਰਧਾਨਗੀ ਲਈ ਸੁਨੀਤਾ ਰਾਣੀ ਦਾ ਨਾਮ ਕੌਂਸਲਰ ਮਨਦੀਪ ਸਿੰਘ ਨੇ ਪੇਸ਼ ਕੀਤਾ ਅਤੇ ਜਿਸ ਉਪਰੰਤ ਸਾਰੇ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਸੁਨੀਤਾ ਰਾਣੀ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਅਸ਼ੋਕ ਕੁਮਾਰ ਵਰਮਾ ਮੀਤ ਪ੍ਰਧਾਨ ਚੁਣੇ ਗਏ। ਵਿਧਾਇਕ ਰਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਇਹ ਚੋਣ ਬਹੁਤ ਹੀ ਸ਼ਾਂਤਮਈ ਢੰਗ ਨਾਲ ਹੋਈ ਅਤੇ ਸਾਰੇ ਹੀ ਕੌਂਸਲਰਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਪ੍ਰਧਾਨ ਸੁਨੀਤਾ ਰਾਣੀ ਨੇ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਦੇ ਕੰਮ ਸਾਰੇ ਕੌਂਸਲਰਾਂ ਦੀ ਸਲਾਹ ਨਾਲ ਕੀਤੇ ਜਾਣਗੇ।

