ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਸ਼ਹਿਰ ਵਿੱਚ ਸਿਹਤ ਸਹੂਲਤਾਂ ਅਤੇ ਸਿੱਖਿਆ ਸੰਸਥਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਨਾਗਰਿਕਾਂ ਨੂੰ ਗੁਣਵੱਤਾਪੂਰਨ ਚਿਕਿਤਸਾ ਸੇਵਾਵਾਂ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।
ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ (ਜੀ ਐੱਮ ਸੀ ਐੱਚ), ਸਾਊਥ ਕੈਂਪਸ ਸੈਕਟਰ 48 ਵਿੱਚ ਪ੍ਰਸ਼ਾਸਕ ਨੇ ਨਾਗਰਿਕਾਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਸੇਵਾਵਾਂ ਦਾ ਨਿਰੀਖਣ ਕੀਤਾ। ਸਿਹਤ ਸਕੱਤਰ ਮਨਦੀਪ ਸਿੰਘ ਬਰਾੜ ਨੇ ਉਨ੍ਹਾਂ ਨੂੰ ਆਯੁਸ਼ ਓ ਪੀ ਡੀ, ਹੋਮਿਓਪੈਥੀ ਸੇਵਾਵਾਂ ਅਤੇ ਆਗਾਮੀ ਪੰਚਕਰਮਾ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।
ਪ੍ਰਸ਼ਾਸਕ ਨੇ ਕਿਹਾ ਕਿ ਸਿਹਤ ਸੇਵਾਵਾਂ ਦੇ ਵਿਸਤਾਰ ਅਤੇ ਚਿਕਿਤਸਾ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਾਰੇ ਨਾਗਰਿਕਾਂ ਨੂੰ ਬਿਹਤਰ ਇਲਾਜ ਅਤੇ ਮਰੀਜ਼ਾਂ ਦੀ ਦੇਖਭਾਲ ਯਕੀਨੀ ਹੋ ਸਕੇ।
ਪ੍ਰਸ਼ਾਸਕ ਨੇ ਫਿਜ਼ੀਓਥੈਰੇਪੀ, ਟੀਕਾਕਰਨ, ਡੇਅ ਕੇਅਰ, ਯੋਗ, ਡੈਂਟਲ ਅਤੇ ਪੀਡੀਆਟ੍ਰਿਕ ਓ ਪੀ ਡੀ ਸਣੇ ਰੇਡੀਏਸ਼ਨ ਔਨਕੋਲੋਜੀ ਸੇਵਾਵਾਂ ਦਾ ਨਿਰੀਖਣ ਕੀਤਾ। ਸਿਹਤ ਸਕੱਤਰ ਨੇ ਉਨ੍ਹਾਂ ਨੂੰ ਦੱਸਿਆ ਕਿ ਹਾਲ ਹੀ ਵਿੱਚ ਕਈ ਨਵੀਆਂ ਓ ਪੀ ਡੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਸਿਹਤ ਸੇਵਾਵਾਂ ਪ੍ਰਤੀ ਜਾਗਰੂਕਤਾ ਅਤੇ ਉਪਯੋਗ ਵਧਾਉਣ ਲਈ ਜਨ-ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਆਯੁਸ਼ਮਾਨ ਆਰੋਗਿਆ ਮੰਦਿਰ ਸੈਕਟਰ 47 ਅਤੇ ਸਿਵਲ ਹਸਪਤਾਲ ਸੈਕਟਰ 45 ਵਿੱਚ ਪ੍ਰਸ਼ਾਸਕ ਨਾਲ ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਵੀ ਹਾਜ਼ਰ ਰਹੇ। ਇੱਥੇ ਉਨ੍ਹਾਂ ਆਯੁਰਵੈਦਿਕ ਫਾਰਮੇਸੀ, ਹੋਮਿਓਪੈਥੀ ਓ ਪੀ ਡੀ, ਡੈਂਟਲ ਓ ਪੀ ਡੀ, ਏ ਐੱਨ ਸੀ ਓ ਪੀ ਡੀ ਅਤੇ ਏ ਐੱਨ ਐੱਮ/ਆਰ ਸੀ ਐੱਚ ਰੂਮ ਸਹਿਤ ਫਾਰਮੇਸੀ ਸੇਵਾਵਾਂ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਐਮਰਜੈਂਸੀ ਸੇਵਾਵਾਂ, ਈ ਸੀ ਜੀ ਸੁਵਿਧਾ, ਈ ਐੱਮ ਓ ਰੂਮ ਸੇਵਾਵਾਂ, ਬਲੱਡ ਪ੍ਰੈਸ਼ਰ ਜਾਂਚ ਵਰਗੀਆਂ ਬੁਨਿਆਦੀ ਸਿਹਤ ਜਾਂਚਾਂ ਅਤੇ ਮਲੇਰੀਆ ਪ੍ਰਯੋਗਸ਼ਾਲਾ ਸੇਵਾਵਾਂ ਦੀ ਵੀ ਸਮੀਖਿਆ ਕੀਤੀ। ਪ੍ਰਸ਼ਾਸਕ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਕੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਤੋਂ ਬਾਅਦ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਲੋਆ ਵਿੱਚ ਪ੍ਰਸ਼ਾਸਕ ਨੇ ਮਲੋਆ ਸਮਾਧਾਨ ਕੈਂਪ ਦੌਰਾਨ ਸਕੂਲਾਂ ਵਿੱਚ ਚੁੱਕੇ ਗਏ ਮੁੱਦਿਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਗੌਰਮਿੰਟ ਹਾਈ ਸਕੂਲ, ਮਲੋਆ ਵਿੱਚਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਹਿਤ 25 ਕਮਰਿਆਂ ਦੇ ਨਿਰਮਾਣ ਲਈ ਟੈਂਡਰ ਮਨਜ਼ੂਰ ਕਰ ਦਿੱਤਾ ਗਿਆ ਹੈ। ਇਸ ਮੌਕੇ ਸਿੱਖਿਆ ਸਕੱਤਰ ਪ੍ਰੇਰਣਾ ਪੁਰੀ ਅਤੇ ਡਾਇਰੈਕਟਰ ਸਕੂਲ ਸਿੱਖਿਆ ਨਿਤੀਸ਼ ਸਿੰਗਲਾ ਵੀ ਹਾਜ਼ਰ ਰਹੇ।
ਇਸ ਤੋਂ ਪਹਿਲਾਂ ਡੱਡੂ ਮਾਜਰਾ ਡੰਪਿੰਗ ਗਰਾਊਂਡ ਸਾਈਟ ’ਤੇ ਪ੍ਰਸ਼ਾਸਕ ਨੇ ਜੁਲਾਈ ਮਹੀਨੇ ਵਿੱਚ ਪ੍ਰਸਤਾਵਿਤ ਰੁੱਖ ਲਗਾਉਣ ਦੀ ਮੁਹਿੰਮ ਲਈ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੂੰ ਨਿਰਦੇਸ਼ ਦਿੱਤੇ ਕਿ ਮੌਨਸੂਨ ਸੀਜ਼ਨ ਦੌਰਾਨ ਬੂਟੇ ਲਗਾਉਣ ਸਬੰਧੀ ਪ੍ਰੋਗਰਾਮ ਉਲੀਕੇ ਜਾਣ।
ਮੰਤਰੀ ਵੱਲੋਂ ਉੱਚ ਅਤੇ ਮੁੱਢਲੀ ਸਿੱਖਿਆ ਵਿਭਾਗਾਂ ਦਾ ਦੌਰਾ
ਪੰਚਕੂਲਾ (ਪੀ ਪੀ ਵਰਮਾ): ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਅਤੇ ਸਰਕਾਰੀ ਕੰਮ ਵਿੱਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਪੰਚਕੂਲਾ ਵਿੱਚ ਉੱਚ ਸਿੱਖਿਆ ਵਿਭਾਗ ਅਤੇ ਮੁੱਢਲੀ ਸਿੱਖਿਆ ਵਿਭਾਗ ਦੇ ਦਫ਼ਤਰਾਂ ਦਾ ਅਚਾਨਕ ਨਿਰੀਖਣ ਕੀਤਾ। ਨਿਰੀਖਣ ਦੌਰਾਨ, ਸਿੱਖਿਆ ਮੰਤਰੀ ਨੇ ਦਫ਼ਤਰਾਂ ਦੇ ਕੰਮ-ਕਾਜ ਦਾ ਜਾਇਜ਼ਾ ਲਿਆ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਅਤੇ ਫਾਈਲ ਨਿਬੇੜੇ ਦੀ ਸਥਿਤੀ ਦਾ ਨਿਰੀਖਣ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲਾਭਪਾਤਰੀਆਂ ਦਾ ਕੰਮ ਸਮੇਂ ਸਿਰ ਪੂਰਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਪੱਧਰ ’ਤੇ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਣਗਹਿਲੀ ਵਰਤਣ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਵਿਭਾਗਾਂ ਵਿੱਚ ਸਾਰਾ ਡੇਟਾ ਰੋਜ਼ਾਨਾ ਔਨਲਾਈਨ ਅਪਡੇਟ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਹਰਿਆਣਾ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਜੇ ਸਿੰਘ ਦਹੀਆ, ਸੈਕੰਡਰੀ ਸਿੱਖਿਆ ਨਿਰਦੇਸ਼ਕ ਜਿਤੇਂਦਰ ਦਹੀਆ ਅਤੇ ਉੱਚ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਐੱਸ ਨਾਰਾਇਣਨ ਮੌਜੂਦ ਸਨ।

