ਕਸ਼ਮੀਰ ਦਾ ਸੇਬ ਹੋਇਆ ‘ਬਿਮਾਰ’

ਪੰਜਾਬ ਦੇ ਚੌਲ ਤੇ ਨਰਮਾ ਵੀ ਜ਼ਹਿਰ ਭਰਪੂਰ; ਕੇਂਦਰੀ ਅਧਿਐਨ ਵਿੱਚ ਹੋਏ ਖ਼ੁਲਾਸੇ

ਕਸ਼ਮੀਰ ਦਾ ਸੇਬ ਹੋਇਆ ‘ਬਿਮਾਰ’

ਚਰਨਜੀਤ ਭੁੱਲਰ
ਚੰਡੀਗੜ੍ਹ, 6 ਜੁਲਾਈ

ਕਸ਼ਮੀਰ ਦਾ ਸੇਬ ਹੁਣ ਖ਼ੁਦ ‘ਬਿਮਾਰ’ ਹੋ ਗਿਆ ਹੈ। ਕਸ਼ਮੀਰੀ ਸੇਬ ਰਸਾਇਣ ਭਰਪੂਰ ਪਾਇਆ ਗਿਆ ਹੈ ਜਦੋਂ ਕਿ ਜ਼ਹਿਰ ਤੋਂ ਪੰਜਾਬ ਦੇ ਚੌਲ ਤੇ ਨਰਮਾ ਵੀ ਨਹੀਂ ਬਚ ਸਕੇ ਹਨ। ਕਸ਼ਮੀਰ ਵਾਦੀ ਹੁਣ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਵਾਲੇ ਖ਼ਿੱਤੇ ਵਜੋਂ ਉੱਭਰੀ ਹੈ।

ਉੱਤਰੀ ਭਾਰਤ ਦੇ ਇਨ੍ਹਾਂ ਸੂਬਿਆਂ ਦੇ ਕਾਸ਼ਤਕਾਰ ਰਸਾਇਣਾਂ ਦੀ ਲੋੜੋਂ ਵੱਧ ਵਰਤੋਂ ਕਰ ਰਹੇ ਹਨ ਜਿਸ ਵਜੋਂ ਕਾਸ਼ਤਕਾਰਾਂ ਦੀ ਸਿਹਤ ਵੀ ਦਾਅ ’ਤੇ ਲੱਗੀ ਹੈ। ਇਨ੍ਹਾਂ ਫ਼ਸਲਾਂ ’ਚ ਖ਼ਤਰਨਾਕ ਕਾਰਸਿਨੋਜੀਕ ਕੀਟਨਾਸ਼ਕ ਦੀ ਸਭ ਤੋਂ ਵੱਧ ਵਰਤੋਂ ਹੋਈ ਹੈ। ਇਹ ਖੁਲਾਸੇ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਐਮਿਟੀ ਯੂਨੀਵਰਸਿਟੀ ਉੱਤਰ ਪ੍ਰਦੇਸ਼ ਅਤੇ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ਼ ਐਂਡ ਟੈਕਨਾਲੋਜੀ ਜੰਮੂ ਤੋਂ ਕਰਵਾਏ ਸਹਿਯੋਗੀ ਅਧਿਐਨ ’ਚ ਹੋਏ ਹਨ।

ਅਧਿਐਨ ’ਚ 1201 ਸੇਬ, ਕਪਾਹ ਅਤੇ ਚੌਲ ਉਤਪਾਦਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮਾਹਿਰਾਂ ਨੇ ਸਿੱਟਾ ਕੱਢਿਆ ਕਿ ਇੰਟੈਗਰੇਟਡ ਪੈਸਟ ਮੈਨੇਜਮੈਂਟ ਦੀ ਯੋਜਨਾਬੰਦੀ ਦੀ ਘਾਟ ਕਰਕੇ ਕਸ਼ਮੀਰੀ ਸੇਬ ਦੀ ਫ਼ਸਲ ਵਿਚ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਹੋਈ ਹੈ। ਅਧਿਐਨ ਮੁਤਾਬਕ ਕਸ਼ਮੀਰ ਦੇ ਸੇਬ ਦੀ ਫ਼ਸਲ ’ਚ ਪ੍ਰਤੀ ਹੈਕਟੇਅਰ ਪਿੱਛੇ 9.039 ਕਿੱਲੋ ਉਹ ਰਸਾਇਣ ਵਰਤੇ ਗਏ ਹਨ, ਜੋ (ਕੁੱਲ ਰਸਾਇਣਾਂ ਦਾ 35.8 ਫ਼ੀਸਦੀ) ਕੈਂਸਰ ਦੀ ਬਿਮਾਰੀ ਨੂੰ ਸੱਦਾ ਦੇਣ ਵਾਲੇ ਹਨ।

ਪੰਜਾਬ ’ਚ ਅੱਠ ਖੇਤੀ ਮਾਹਿਰਾਂ ਨੇ ਕਪੂਰਥਲਾ, ਜਲੰਧਰ, ਮੋਗਾ ਅਤੇ ਮੁਕਤਸਰ ’ਚ ਝੋਨਾ ਕਾਸ਼ਤਕਾਰਾਂ ਵੱਲੋਂ ਫ਼ਸਲਾਂ ’ਚ ਵਰਤੇ ਕੀਟਨਾਸ਼ਕਾਂ ਦਾ ਅਧਿਐਨ ਕੀਤਾ ਹੈ। ਝੋਨਾ ਕਾਸ਼ਤਕਾਰਾਂ ਨੇ ਕਰੀਬ 20 ਤਰ੍ਹਾਂ ਦੇ ਕੀਟਨਾਸ਼ਕ ਆਦਿ ਦੀ ਵਰਤੋਂ ਕੀਤੀ, ਜਿਨ੍ਹਾਂ ’ਚ ਵਿਸ਼ਵ ਸਿਹਤ ਸੰਗਠਨ ਖ਼ਤਰਨਾਕ ਸ਼੍ਰੇਣੀ ’ਚ ਰਸਾਇਣ ਵੀ ਸ਼ਾਮਲ ਹਨ। ਅਧਿਐਨ ’ਚ ਨਰਮਾ ਪੱਟੀ ਦੇ ਜ਼ਿਲ੍ਹਾ ਫ਼ਾਜ਼ਿਲਕਾ, ਬਠਿੰਡਾ ਤੇ ਮਾਨਸਾ ਨੂੰ ਸ਼ਾਮਲ ਕੀਤਾ ਗਿਆ ਜਿੱਥੇ ਨਰਮਾ ਕਾਸ਼ਤਕਾਰਾਂ ਵੱਲੋਂ 26 ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਸਾਹਮਣੇ ਆਈ ਹੈ। ਕਾਸ਼ਤਕਾਰਾਂ ਨੇ ਨਰਮੇ ਦੀ ਫ਼ਸਲ ’ਚ ਪ੍ਰਤੀ ਹੈਕਟੇਅਰ 2.660 ਕਿੱਲੋ ਦੀ ਵਰਤੋਂ ਕੀਤੀ ਹੈ।

ਅਧਿਐਨ ਦੇ ਪ੍ਰਮੁੱਖ ਜਾਂਚ ਅਧਿਕਾਰੀ ਰਾਜਿੰਦਰ ਪੇਸ਼ੀਨ ਨੇ ਦੱਸਿਆ ਕਿ ਅਧਿਐਨ ਲਈ ਬਾਰਾਮੂਲਾ, ਸ਼ੋਪੀਆਂ ਅਤੇ ਕੁਪਵਾੜਾ ਦੇ ਸੇਬ ਉਤਪਾਦ 22 ਪਿੰਡਾਂ ’ਚੋਂ ਨਮੂਨੇ ਲਏ ਗਏ। ਜੰਮੂ ਖੇਤਰ ’ਚ ਸਬਜ਼ੀਆਂ ’ਚ ਕੀਟਨਾਸ਼ਕਾਂ ਦੀ ਵਰਤੋਂ ਦੇ ਅਧਿਐਨ ’ਚ ਕਠੂਆ, ਜੰਮੂ, ਸਾਂਬਾ ਆਦਿ ਦੇ 25 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ। ਭਿੰਡੀ, ਬੈਂਗਣ ਤੇ ਟਮਾਟਰ ਦੀ ਫ਼ਸਲ ’ਤੇ ਪ੍ਰਤੀ ਹੈਕਟੇਅਰ 1.447 ਕਿੱਲੋ ਕੀਟਨਾਸ਼ਕਾਂ (ਆਮ ਨਾਲੋਂ ਵੱਧ) ਦੀ ਵਰਤੋਂ ਕੀਤੀ ਗਈ। ਕੇਂਦਰੀ ਖੇਤੀ ਮੰਤਰਾਲੇ ਵੱਲੋਂ ਕਈ ਕੀਟਨਾਸ਼ਕਾਂ ਤੇ ਪਾਬੰਦੀ ਬਾਰੇ ਕਿਹਾ ਗਿਆ ਹੈ।

ਹਿਮਾਚਲੀ ਸੇਬ ਕਿਊਂ ਨਹੀਂ?

ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਇਕੱਲੇ ਕਸ਼ਮੀਰੀ ਸੇਬ ਨੂੰ ਅਧਿਐਨ ’ਚ ਸ਼ਾਮਲ ਕੀਤੇ ਜਾਣ ’ਤੇ ਉਂਗਲ ਉੱਠਣ ਲੱਗੀ ਹੈ। ਹਿਮਾਚਲ ਪ੍ਰਦੇਸ਼ ’ਚ ਸੇਬ ਦੀ ਭਰਪੂਰ ਫਸਲ ਹੁੰਦੀ ਹੈ ਪਰ ਇਸ ਨੂੰ ਸਟੱਡੀ ਤੋਂ ਬਾਹਰ ਰੱਖਿਆ ਗਿਆ ਹੈ। ਚਰਚਾ ਹੈ ਕਿ ਕੇਂਦਰੀ ਅਦਾਰੇ ਵੱਲੋਂ ਕਸ਼ਮੀਰੀ ਸੇਬਾਂ ਨੂੰ ਹੀ ਅਧਿਐਨ ਦਾ ਹਿੱਸਾ ਬਣਾਉਣ ਪਿੱਛੇ ਕਿਤੇ ਕੋਈ ਲੁਕਵੇਂ ਕਾਰਨ ਤਾਂ ਨਹੀਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All