Karwa Chauth Moon: ਪੰਜਾਬ ਤੇ ਚੰਡੀਗੜ੍ਹ ’ਚ ਚੰਨ ਦੇ ਦੀਦਾਰ ਲਈ ਉਡੀਕ
ਕਈ ਥਾਈਂ ਬੱਦਲ ਬਣੇ ਅੜਿੱਕਾ; ਪੰਜਾਬ ’ਚ ਮੀਂਹ ਤੇ ਬੱਦਲਵਾਈ ਦੀ ਪੇਸ਼ੀਨਗੋਈ
Karwa Chauth Moon: ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਚੰਨ ਦੇ ਦੀਦਾਰ ਕਰਨ ਲਈ ਉਡੀਕ ਕਰਨੀ ਪਈ। ਕਈ ਥਾਈਂ ਚੰਨ ਲੇਟ ਚੜ੍ਹਿਆ। ਮੌਸਮ ਵਿਭਾਗ ਵੱਲੋਂ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਏ ਜਾਣ ਕਾਰਨ ਕਈ ਇਲਾਕਿਆਂ ਵਿੱਚ ਬੱਦਲ ਚੰਨ ਦੇ ਦਰਸ਼ਨਾਂ ਵਿੱਚ ਅੜਿੱਕਾ ਬਣੇ। ਚੰਡੀਗੜ੍ਹ ਵਿਚ ਚੰਨ ਅੱਜ ਰਾਤ 8:40 ਦੇ ਕਰੀਬ ਚੜ੍ਹਿਆ।
ਜਾਣਕਾਰੀ ਅਨੁਸਾਰ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿੱਚ ਚੰਨ ਚੜ੍ਹਨ ਦਾ ਅਨੁਮਾਨਿਤ ਸਮਾਂ ਰਾਤ 8:09 ਤੋਂ 8:17 ਵਜੇ ਦਰਮਿਆਨ ਸੀ।
ਮੌਸਮ ਵਿਭਾਗ ਦੇ ਪਹਿਲਾਂ ਅਨੁਮਾਨ ਮੁਤਾਬਕ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੇ ਉੱਤਰੀ ਤੇ ਪੂਰਬੀ ਹਿੱਸਿਆਂ ਵਿੱਚ ਅਸਮਾਨ ਅੰਸ਼ਕ ਤੋਂ ਆਮ ਤੌਰ ’ਤੇ ਬੱਦਲਾਂ ਨਾਲ ਘਿਰਿਆ ਰਹਿ ਸਕਦਾ ਸੀ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ।
ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਚੰਨ ਨੂੰ ਅਰਘ ਦੇਣ ਅਤੇ ਰਵਾਇਤੀ ਰਸਮਾਂ ਪੂਰੀਆਂ ਕਰਨ ਮਗਰੋਂ ਵਰਤ ਖੋਲ੍ਹਦੀਆਂ ਹਨ। ਇਸ ਲਈ ਅੱਜ ਸ਼ਾਮ ਕਈ ਪਰਿਵਾਰਾਂ ਦੀਆਂ ਨਜ਼ਰਾਂ ਅਸਮਾਨ ’ਤੇ ਟਿਕੀਆਂ ਰਹੀਆਂ।
ਜ਼ਿਕਰਯੋਗ ਹੈ ਕਿ ਕਰਵਾ ਚੌਥ ਭਾਰਤ ਵਿੱਚ ਮਨਾਇਆ ਜਾਣ ਵਾਲਾ ਪ੍ਰਮੁੱਖ ਤਿਉਹਾਰ ਹੈ। ਇਸ ਦੀ ਰਵਾਇਤ ਵਿਆਹੁਤਾ ਜੀਵਨ, ਪਤੀ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਖ਼ੁਸ਼ਹਾਲੀ ਦੀ ਕਾਮਨਾ ਨਾਲ ਜੁੜੀ ਹੋਈ ਹੈ। ਸਮੇਂ ਦੇ ਨਾਲ ਇਹ ਤਿਉਹਾਰ ਪਤੀ-ਪਤਨੀ ਦੇ ਪਿਆਰ ਅਤੇ ਆਪਸੀ ਸਾਂਝ ਦਾ ਪ੍ਰਤੀਕ ਵੀ ਬਣ ਗਿਆ ਹੈ।

