ਕੁਲਦੀਪ ਸਿੰਘ
ਚੰਡੀਗੜ੍ਹ, 15 ਸਤੰਬਰ
ਕਰਨਾਟਕ ਵਿਧਾਨ ਪ੍ਰੀਸ਼ਦ ਦੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਐੱਮ. ਨਾਗਾਰਾਜੂ ਨੇ ਅੱਜ ਕਮੇਟੀ ਦੇ 8 ਮੈਂਬਰਾਂ ਅਤੇ ਅਧਿਕਾਰੀਆਂ ਦੇ ਵਫ਼ਦ ਨਾਲ ਸਿਟੀ ਬਿਊਟੀਫੁੱਲ ਚੰਡੀਗੜ੍ਹ ਦਾ ਦੌਰਾ ਕੀਤਾ ਜਿਸ ਦੌਰਾਨ ਵਫ਼ਦ ਨੇ ਚੰਡੀਗੜ੍ਹ ਦੇ ਵਿਕਾਸ ਅਤੇ ਮਿਉਂਸਪਲ ਕਾਰਪੋਰੇਸ਼ਨ ਦੇ ਬਿਹਤਰੀਨ ਪ੍ਰਾਜੈਕਟਾਂ ਬਾਰੇ ਜਾਣਕਾਰੀ ਲਈ ਅਤੇ ਸ਼ਲਾਘਾ ਕੀਤੀ।
ਅੱਜ ਸਵੇਰੇ ਚੰਡੀਗੜ੍ਹ ਪਹੁੰਚੇ ਵਫ਼ਦ ਦਾ ਨਿਗਮ ਦੇ ਮੇਅਰ ਅਨੂਪ ਗੁਪਤਾ ਅਤੇ ਕਮਿਸ਼ਨਰ ਅਨਿੰਦਿੱਤਾ ਮਿੱਤਰਾ ਵੱਲੋਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਕਮਿਸ਼ਨਰ ਵੱਲੋਂ ਚੰਡੀਗੜ੍ਹ ਨਗਰ ਨਿਗਮ ਦੇ ਪ੍ਰਾਜੈਕਟਾਂ ਅਤੇ ਕੰਮਾਂ ਕਾਰਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਜਨਿ੍ਹਾਂ ਵਿੱਚ ਸੌਲਿਡ ਵੇਸਟ ਮੈਨੇਜਮੈਂਟ ਸਿਸਟਮ, ਸੜਕਾਂ, ਵਾਟਰ ਸਪਲਾਈ, ਗਾਰਡਨ ਅਤੇ ਗ੍ਰੀਨ ਬੈਲਟਾਂ, ਸਟਰੀਟ ਲਾਈਟਾਂ, ਟਰਸ਼ਰੀ ਟ੍ਰੀਟਡ ਵਾਟਰ ਸਪਲਾਈ, ਸੀ.ਐਂਡ ਡੀ. ਵੇਸਟ ਦੀ ਪ੍ਰੋਸੈਸਿੰਗ, ਪ੍ਰਾਪਰਟੀ ਟੈਕਸ, ਗਊਸ਼ਾਲਾਵਾਂ ਦੇ ਪ੍ਰਬੰਧਨ, ਵਿਕਰੇਤਾ ਪੁਨਰਵਾਸ ਪ੍ਰਣਾਲੀ ਅਤੇ ਨਿਗਮ ਦੇ ਹੋਰ ਪ੍ਰਾਜੈਕਟ ਸ਼ਾਮਲ ਸਨ। ਚੇਅਰਮੈਨ ਅਤੇ ਕਮੇਟੀ ਮੈਂਬਰਾਂ ਨੇ ਚੰਡੀਗੜ੍ਹ ਦੀ ਸੁੰਦਰਤਾ, ਚੌੜੀਆਂ ਸੜਕਾਂ, ਸਾਫ਼-ਸੁਥਰੇ ਪਾਰਕਾਂ, ਵਿਉਂਤਬੱਧ ਮਾਰਕੀਟਾਂ ਅਤੇ ਕਬਜ਼ੇ ਮੁਕਤ ਸੜਕਾਂ ਦੇ ਕਨਿਾਰਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬਾਗਬਾਨੀ ਵਿੰਗ ਦੀ ਵਿਸ਼ੇਸ਼ ਤੌਰ ’ਤੇ ਸ਼ਹਿਰ ਵਿੱਚ 1800 ਤੋਂ ਵੱਧ ਨੇਬਰਹੁੱਡ ਪਾਰਕਾਂ ਦੀ ਸਾਂਭ-ਸੰਭਾਲ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਸ਼ਹਿਰ ਦੀ ਸਫ਼ਾਈ ਅਤੇ ਐੱਸ.ਟੀ.ਪੀਜ਼. ਅਤੇ ਐੱਮ.ਆਰ.ਐੱਫ. ਸਟੇਸ਼ਨਾਂ ਦੇ ਪ੍ਰਬੰਧਨ ਸਮੇਤ ਠੋਸ ਕੂੜਾ ਪ੍ਰਬੰਧਨ ਪ੍ਰਣਾਲੀ ਦੀ ਵੀ ਸ਼ਲਾਘਾ ਕੀਤੀ।