ਕਾਰਗਿਲ ਦਿਵਸ: ਮਾਂ ਦੇ ਪੁੱਤ ਦਾ ਕੌਣ ਲਾਏਗਾ ਬੁੱਤ ! ਕਾਰਗਿਲ ਦੇ ਪਹਿਲੇ ਸ਼ਹੀਦ ਪਾਇਲਟ ਅਜੇ ਅਹੂਜਾ ਦੇ ਬੁੱਤ ਦਾ ਵਾਅਦਾ ਹਵਾ ’ਚ ਉੱਡਿਆ
ਅਜੇ ਅਹੂਜਾ ਦਾ ਅੰਤਿਮ ਸਸਕਾਰ ਵੀ ਸਰਕਾਰੀ ਸਨਮਾਨਾਂ ਨਾਲ ਬਠਿੰਡਾ ਜ਼ਿਲ੍ਹੇ ’ਚ ਹੀ ਹੋਇਆ ਸੀ।
ਅੱਜ ਕਾਰਗਿਲ ਵਿਜੇ ਦਿਵਸ ਹੈ ਅਤੇ ਕਾਰਗਿਲ ਦੇ ਪਹਿਲੇ ਸ਼ਹੀਦ ਪਾਇਲਟ ਅਜੇ ਅਹੂਜਾ ਅੱਜ ਵੀ ਚੇਤਿਆਂ ’ਚ ਹਨ। ਜਦੋਂ ਪਾਇਲਟ ਅਜੇ ਅਹੂਜਾ ਦੇ ਸ਼ਹੀਦ ਹੋਣ ਦੀ ਖ਼ਬਰ ਪੁੱਜੀ ਸੀ ਤਾਂ ਉਸ ਵੇਲੇ ਬਠਿੰਡਾ ਖ਼ਿੱਤੇ ’ਚ ਬਹੁਤ ਹੀ ਭਾਵੁਕ ਮਾਹੌਲ ਸੀ ਕਿਉਂਕਿ ਬਠਿੰਡਾ ਨੇੜੇ ਹੀ ਭਿਸੀਆਣਾ ਹਵਾਈ ਅੱਡੇ ’ਤੇ ਅਜੇ ਅਹੂਜਾ ਦੀ ਤਾਇਨਾਤੀ ਸੀ। ਅਜੇ ਅਹੂਜਾ ਦਾ ਅੰਤਿਮ ਸਸਕਾਰ ਵੀ ਸਰਕਾਰੀ ਸਨਮਾਨਾਂ ਨਾਲ ਬਠਿੰਡਾ ਜ਼ਿਲ੍ਹੇ ’ਚ ਹੀ ਹੋਇਆ ਸੀ।
ਸਰਕਾਰ ਦਾ ਐਲਾਨ ਅਤੇ ਬੁੱਤ ਬਣਾਉਣ ਦੀ ਪ੍ਰਕਿਰਿਆ
ਉਨ੍ਹਾਂ ਦਿਨਾਂ ’ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਸੀ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਹੀਦੀ ਮੌਕੇ ਐਲਾਨ ਕੀਤਾ ਸੀ ਕਿ ਬਠਿੰਡਾ ’ਚ ਕਾਰਗਿਲ ਦੇ ਪਹਿਲੇ ਸ਼ਹੀਦ ਦਾ ਬੁੱਤ ਲੱਗੇਗਾ। ਦੱਸਣਯੋਗ ਹੈ ਕਿ ਕਾਰਗਿਲ ਦੇ ‘ਅਪਰੇਸ਼ਨ ਵਿਜੇ’ ਦੇ ਪਹਿਲੇ ਸ਼ਹੀਦ ਸਕੁਐਡਰਨ ਲੀਡਰ ਅਜੇ ਅਹੂਜਾ 27 ਮਈ 1999 ਨੂੰ ਕਸ਼ਮੀਰ ਵਿੱਚ ਲਾਈਨ ਆਫ਼ ਕੰਟਰੋਲ ’ਤੇ ਪਾਕਿਸਤਾਨੀ ਮਿਜ਼ਾਈਲ ਦੇ ਹਮਲੇ ਵਿੱਚ ਸ਼ਹੀਦ ਹੋ ਗਏ ਸਨ।
ਗੱਠਜੋੜ ਸਰਕਾਰ ਨੇ ਬਠਿੰਡਾ ’ਚ ਅਜੇ ਅਹੂਜਾ ਦਾ ਬੁੱਤ ਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਬੁੱਤ ਲਾਉਣ ਦੀ ਜ਼ਿੰਮੇਵਾਰੀ ਰੈੱਡ ਕਰਾਸ ਬਠਿੰਡਾ ਨੂੰ ਸੌਂਪੀ ਗਈ ਸੀ। ਪੰਜਾਬ ਸਰਕਾਰ ਵੱਲੋਂ ਬੁੱਤ ਵਾਸਤੇ ਤਿੰਨ ਲੱਖ ਰੁਪਏ ਦੀ ਰਾਸ਼ੀ ਰੈੱਡ ਕਰਾਸ ਨੂੰ ਦਿੱਤੀ ਜਾਣੀ ਸੀ। ਉਸ ਵੇਲੇ ਰੈੱਡ ਕਰਾਸ ਬਠਿੰਡਾ ਨੇ ਦਿੱਲੀ ਦੀ ਮੈਸਰਜ਼ ਗੁਰੂ ਹੈਂਡੀਕਰਾਫਟ ਫ਼ਰਮ ਨੂੰ ਸ਼ਹੀਦ ਦਾ ਬੁੱਤ ਤਿਆਰ ਕਰਨ ਵਾਸਤੇ 50 ਹਜ਼ਾਰ ਦੀ ਰਾਸ਼ੀ ਪੱਲਿਓਂ ਦੇ ਦਿੱਤੀ ਸੀ ਅਤੇ ਇਸ ਫ਼ਰਮ ਨੇ ਬੁੱਤ ਦਾ ਪੈਟਰਨ ਵੀ ਤਿਆਰ ਕਰ ਲਿਆ ਸੀ।
ਕਿਵੇਂ ਠੰਢੇ ਬਸਤੇ ਵਿੱਚ ਪਿਆ ਮਾਮਲਾ ?
ਦਿੱਲੀ ਦੀ ਫ਼ਰਮ ਨੇ ਬੁੱਤ ਦਾ ਪੈਟਰਨ ਅਜੇ ਅਹੂਜਾ ਦੇ ਪਰਿਵਾਰ ਨੂੰ ਦਿਖਾ ਵੀ ਦਿੱਤਾ ਸੀ। ਰੈੱਡ ਕਰਾਸ ਨੂੰ ਸਰਕਾਰ ਤੋਂ ਫ਼ੰਡਾਂ ਦੀ ਉਡੀਕ ਬਣੀ ਰਹੀ ਅਤੇ ਫ਼ਰਮ ਬਕਾਇਆ ਫ਼ੰਡ ਉਡੀਕਦੀ ਰਹੀ। ਜਦੋਂ ਮਾਮਲਾ ਠੰਢੇ ਬਸਤੇ ’ਚ ਪੈ ਗਿਆ ਤਾਂ ਫ਼ਰਮ ਨੇ ਬੁੱਤ ਤਿਆਰ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਰੈੱਡ ਕਰਾਸ ਨੇ 14 ਜੂਨ 1999 ਨੂੰ ਗੂੰਗੇ ਬੋਲੇ ਬੱਚਿਆਂ ਦੇ ਫ਼ੰਡਾਂ ’ਚੋਂ ਇਸ ਬੁੱਤ ਲਈ 50 ਹਜ਼ਾਰ ਰੁਪਏ ਦਾ ਡਰਾਫ਼ਟ ਦਿੱਲੀ ਦੀ ਫ਼ਰਮ ਨੂੰ ਭੇਜਿਆ ਸੀ।
ਸੈਨਿਕ ਭਲਾਈ ਵਿਭਾਗ ਦੇ ਨਿਯਮਾਂ ਅਨੁਸਾਰ ਪਰਮਵੀਰ ਚੱਕਰ ਵਿਜੇਤਾ ਦੇ ਬੁੱਤ ਲਈ ਹੀ ਖ਼ਜ਼ਾਨੇ ’ਚੋਂ ਰਾਸ਼ੀ ਜਾਰੀ ਹੋ ਸਕਦੀ ਹੈ। ਇਹ ਨਿਯਮ ਫ਼ੰਡ ਜਾਰੀ ਹੋਣ ’ਚ ਅੜਿੱਕਾ ਬਣ ਗਏ। ਪੰਜਾਬ ਸਰਕਾਰ ਨੇ ਬਕਾਇਆ ਫ਼ੰਡ ਤਾਂ ਕੀ ਜਾਰੀ ਕਰਨੇ ਸਨ ਬਲਕਿ ਰੈੱਡ ਕਰਾਸ ਨੂੰ ਪੰਜਾਹ ਹਜ਼ਾਰ ਦੇ ਫ਼ੰਡ ’ਤੇ ਚੁੱਪ ਵੱਟ ਲਈ। ਭਿਸੀਆਣਾ ਹਵਾਈ ਅੱਡੇ ਲਾਗੇ ਭਾਰਤੀ ਫ਼ੌਜ ਨੇ ਆਪਣੀ ਤਰਫ਼ੋਂ ਅਜੇ ਅਹੂਜਾ ਦਾ ਛੋਟਾ ਜਿਹਾ ਬੁੱਤ ਜ਼ਰੂਰ ਲਾਇਆ ਹੋਇਆ ਹੈ।
ਪਰਿਵਾਰ ਨੂੰ ਮਿਲੀ ਮਾਨਤਾ ਅਤੇ ਸਰਕਾਰਾਂ ਦੀ ਬੇਰੁਖ਼ੀ
ਰੈੱਡ ਕਰਾਸ ਨੂੰ ਆਪਣੀ ਤਰਫ਼ੋਂ ਖ਼ਰਚ ਕੀਤੇ 50 ਹਜ਼ਾਰ ਰੁਪਏ ਲੈਣ ਲਈ ਵੀ ਸਰਕਾਰ ਦੇ ਦਰ ’ਤੇ ਵਾਰ-ਵਾਰ ਚੱਕਰ ਕੱਟਣੇ ਪਏ। ਕਰੀਬ 15 ਵਰ੍ਹਿਆਂ ਮਗਰੋਂ ਪੰਜਾਬ ਸਰਕਾਰ ਨੇ ਇਹ 50 ਹਜ਼ਾਰ ਦੀ ਰਾਸ਼ੀ ਰੈੱਡ ਕਰਾਸ ਬਠਿੰਡਾ ਨੂੰ ਵਾਪਸ ਕੀਤੀ। ਕਿੰਨੀਆਂ ਹੀ ਸਰਕਾਰਾਂ ਆਈਆਂ ਪਰ ਕਿਸੇ ਨੂੰ ਸ਼ਹੀਦ ਪਾਇਲਟ ਦਾ ਕਦੇ ਚੇਤਾ ਨਹੀਂ ਆਇਆ।
ਉਸ ਸਮੇਂ ਭਾਰਤ ਸਰਕਾਰ ਨੇ ਸ਼ਹੀਦ ਸਕੁਐਡਰਨ ਲੀਡਰ ਅਜੇ ਅਹੂਜਾ ਦੀ ਪਤਨੀ ਅਲਕਾ ਅਹੂਜਾ ਨੂੰ ਪੈਟਰੋਲ ਪੰਪ ਜਾਰੀ ਕਰ ਦਿੱਤਾ ਸੀ। ਦੱਸਦੇ ਹਨ ਕਿ ਦਿੱਲੀ ਵਿੱਚ ਇੱਕ ਪਾਰਕ ਦਾ ਨਾਮ ਵੀ ਅਜੇ ਅਹੂਜਾ ਦੇ ਨਾਮ ’ਤੇ ਰੱਖਿਆ ਗਿਆ।

