ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਨਾਲ CBSE Exam ਦੇਣ ਪੁੱਜੀ Kanishka
13 ਦਿਨਾਂ ਤੋਂ ਆਈਸੀਯੂ ਵਿੱਚ ਸੀ ਦਾਖਲ; ਆਕਸੀਜਨ ਸਿਲੰਡਰ ਅਤੇ ਵ੍ਹੀਲਚੇਅਰ ਦੀ ਮਦਦ ਨਾਲ ਦਿੱਤੀ ਪ੍ਰੀਖਿਆ
ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਅੱਜ ਐਂਬੂਲੈਂਸ ਵਿਚ ਇਕ ਲੜਕੀ ਪ੍ਰੀਖਿਆ ਦੇਣ ਪੁੱਜੀ। ਇਹ ਲੜਕੀ ਜਦੋਂ ਐਂਬੂਲੈਂਸ ਵਿਚ ਪੁੱਜੀ ਤਾਂ ਸਾਰੇ ਹੈਰਾਨ ਰਹਿ ਗਏ। ਇਹ ਲੜਕੀ ਪਿਛਲੇ 13 ਦਿਨਾ ਤੋਂ ਆਈਸੀਯੂ ਵਿਚ ਦਾਖਲ ਸੀ ਤੇ ਉਸ ਨੂੰ ਵ੍ਹੀਲਚੇਅਰ ਰਾਹੀਂ ਪ੍ਰੀਖਿਆ ਕੇਂਦਰ ਵਿੱਚ ਲਿਜਾਇਆ ਗਿਆ। ਇਸ ਲੜਕੀ ਦਾ ਨਾਂ ਕਨਿਸ਼ਕਾ ਬਿਸ਼ਟ ਹੈ ਤੇ ਉਹ ਖਾਲਸਾ ਸਕੂਲ ਸੈਕਟਰ-26 ਦੀ ਵਿਦਿਆਰਥਣ ਹੈ ਤੇ ਇਸ ਦਾ ਪ੍ਰੀਖਿਆ ਕੇਂਦਰ ਮਨੀਮਾਜਰਾ ਦੇ ਸਕੂਲ ਵਿਚ ਬਣਿਆ ਸੀ। ਡਾਕਟਰਾਂ ਨੇ ਉਸ ਦੀ ਖਰਾਬ ਸਿਹਤ ਕਾਰਨ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਪਰ ਉਸ ਨੇ ਹਿੰਮਤ ਨਹੀਂ ਛੱਡੀ ਤੇ ਪੂਰੇ ਹੌਸਲੇ ਨਾਲ ਪ੍ਰੀਖਿਆ ਦਿੱਤੀ।
ਜਾਣਕਾਰੀ ਅਨੁਸਾਰ ਸੀਬੀਐਸਈ ਦਾ ਅੱਜ ਬਾਰ੍ਹਵੀਂ ਜਮਾਤ ਦਾ ਫਿਜ਼ਿਕਸ ਦਾ ਪੇਪਰ ਸੀ। ਕਨਿਸ਼ਕਾ ਬਿਸ਼ਟ ਦੇ ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਸਿਹਤ 30 ਜਨਵਰੀ ਨੂੰ ਵਿਗੜੀ ਸੀ। ਉਸ ਨੂੰ ਪਹਿਲਾਂ ਜ਼ੁਕਾਮ ਹੋਇਆ ਤੇ ਬਾਅਦ ਵਿੱਚ ਨਮੂਨੀਆ ਹੋ ਗਿਆ ਤੇ ਇਹ ਲਾਗ ਵਿਗੜ ਗਈ। ਉਸ ਨੂੰ 3 ਫਰਵਰੀ ਨੂੰ ਪੰਚਕੂਲਾ ਤੋਂ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਉਹ 13 ਦਿਨ ਹਸਪਤਾਲ ਦਾਖਲ ਰਹੀ ਤੇ ਇਸ ਦੌਰਾਨ ਉਹ 10 ਦਿਨ ਬੇਹੋਸ਼ ਰਹੀ ਪਰ ਉਸ ਨੇ ਪ੍ਰੀਖਿਆ ਦੇਣ ਦੀ ਜ਼ਿੱਦ ਨਾ ਛੱਡੀ। ਹਸਪਤਾਲ ਪ੍ਰਸ਼ਾਸਨ ਵੱਲੋਂ ਪ੍ਰੀਖਿਆ ਕੇਂਦਰ ਵਿੱਚ ਆਕਸੀਜਨ ਸਮੇਤ ਸਾਰੀਆਂ ਡਾਕਟਰੀ ਸਹੂਲਤਾਂ ਦਿੱਤੀਆਂ ਗਈਆਂ ਸਨ ਅਤੇ ਪੇਪਰ ਖਤਮ ਹੋਣ ਤੋਂ ਬਾਅਦ ਉਸ ਨੂੰ ਵਾਪਸ ਹਸਪਤਾਲ ਲਿਜਾਇਆ ਗਿਆ।
ਇਹ ਵੀ ਦੱਸਣਾ ਬਣਦਾ ਹੈ ਕਿ ਪਰਿਵਾਰ ਨੇ ਇਸ ਲੜਕੀ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਕਿਉਂਕਿ ਸਰਕਾਰੀ ਹਸਪਤਾਲ ਵਿਚ ਬਹੁਤ ਭੱਜ ਦੌੜ ਸੀ ਤੇ ਲੜਕੀ ਨੂੰ ਆਰਾਮ ਵੀ ਨਹੀਂ ਮਿਲ ਰਿਹਾ ਸੀ। ਉਸ ਦੀ ਲੜਕੀ ਨੇ ਕਿਹਾ ਕਿ ਉਸ ਨੇ ਹਰ ਹਾਲ ਪ੍ਰੀਖਿਆ ਦੇਣੀ ਹੈ ਜਿਸ ਕਰ ਕੇ ਉਨ੍ਹਾਂ ਡਾਕਟਰਾਂ ਨਾਲ ਗੱਲ ਕੀਤੀ ਤੇ ਪ੍ਰੀਖਿਆ ਦੇੇਣ ਦਾ ਪ੍ਰਬੰਧ ਕੀਤਾ।
ਬਾਕਸ
ਦਿਵਿਆਂਗ ਹੋਣ ਦੇ ਬਾਵਜੂਦ ਹੌਸਲੇ ਬੁਲੰਦ
ਕਨਿਸ਼ਕਾ ਛੋਟੇ ਹੁੰਦੇ ਤੋਂ ਹੀ ਦਿਵਿਆਂਗ ਹੈ ਜਿਸ ਕਾਰਨ ਉਸ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਆਉਂਦੀਆਂ ਰਹੀਆਂ ਹਨ। ਉਸ ਦੀ ਕਈ ਵਾਰ ਸਿਹਤ ਕਮਜ਼ੋਰ ਹੋਈ ਪਰ ਉਸ ਨੇ ਹਿੰਮਤ ਨਾ ਛੱਡੀ ਤੇ ਉਹ ਚੜ੍ਹਦੀ ਕਲਾਂ ਵਿਚ ਰਹੀ।
ਫੋਟੋ: ਵਿੱਕੀ ਘਾਰੂ।

