ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਅਗਸਤ
ਯੂਨੀਅਨ ਪਬਲਿਕ ਸਿਵਲ ਸਰਵਿਸਿਜ਼ ਕਮਿਸ਼ਨ (ਯੂਪੀਐਸਸੀ) ਵਲੋਂ ਸਿਵਲ ਸਰਵਿਸਿਜ਼ ਪ੍ਰੀਖਿਆਵਾਂ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ ਜਿਸ ਵਿਚ ਪੰਚਕੂਲਾ ਦੀ ਕੰਚਨ ਸਿੰਗਲਾ ਟਰਾਈਸਿਟੀ ਵਿਚ ਮੋਹਰੀ ਰਹੀ। ਊਸ ਦਾ ਆਲ ਇੰਡੀਆ 35ਵਾਂ ਰੈਂਕ ਆਇਆ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਦੀ ਧੀ ਰਿਦਿਮਾ ਸ੍ਰੀਵਾਸਤਵ ਦਾ 74ਵਾਂ ਰੈਂਕ ਆਇਆ ਹੈ। ਉਹ ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਤੇ ਬਾਲ ਨਿਕੇਤਨ ਸਕੂਲ ਦੀ ਸਾਬਕਾ ਵਿਦਿਆਰਥਣ ਤੇ ਪੰਜਾਬ ਇੰਜਨੀਅਰਿੰਗ ਕਾਲਜ ਪੈਕ ਦੀ ਵਿਦਿਆਰਥਣ ਰਹੀ ਹੈ। ਉਸ ਨੇ ਇਲੈਕਟਰੋਨਿਕਸ ਵਿਚ ਡਿਗਰੀ ਕੀਤੀ। ਰਿਧਿਮਾ ਨੇ ਦੱਸਿਆ ਕਿ ਉਸ ਦੇ ਪਿਤਾ ਸਾਬਕਾ ਆਈਆਰਐਸ ਅਧਿਕਾਰੀ ਪੀ ਕੇ ਸ੍ਰੀਵਾਸਤਵਾ ਹਨ ਜੋ ਚੰਡੀਗੜ੍ਹ ਤੋਂ ਇਨਕਮ ਟੈਕਸ ਵਿਭਾਗ ਵਿਚੋਂ ਸੇਵਾਮੁਕਤ ਹੋਏ ਹਨ ਤੇ ਉਨ੍ਹਾਂ ਦੀ ਮਾਂ ਰਾਜੀ ਸ੍ਰੀ ਵਾਸਤਵਾ ਪੰਜਾਬ ਵਿਚ ਆਈਏਐਸ ਅਧਿਕਾਰੀ ਹੈ। ਰਿਦਿਮਾ ਨੇ ਦੱਸਿਆ ਕਿ ਉਸ ਨੇ ਪੂਰੀ ਮਿਹਨਤ ਨਾਲ ਦੂਜੀ ਵਾਰ ਵਿਚ ਇਹ ਪ੍ਰੀਖਿਆ ਪਾਸ ਕੀਤੀ ਹੈ। ਉਸ ਨੇ ਸ਼ੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ ਤੇ ਤਣਾਅ ਦੂਰ ਕਰਨ ਲਈ ਉਸ ਨੇ ਲੰਬੀ ਸੈਰ ਤੇ ਯੋਗ ਨੂੰ ਚੁਣਿਆ। ਸਿਵਿਲ ਸੇਵਾਵਾਂ ਪ੍ਰੀਖਿਆ ਦਾ ਇਸ ਵਾਰ ਚੰਡੀਗੜ੍ਹ ਦਾ ਨਤੀਜਾ ਬਿਹਤਰ ਰਿਹਾ। ਇਸ ਵਾਰ ਟਰਾਈਸਿਟੀ ਦੇ ਚਾਰ ਟੌਪਰਾਂ ਨੇ ਪਹਿਲੇ ਸੌ ਵਿਚ ਥਾਂ ਬਣਾਈ।ਇਨ੍ਹਾਂ ਵਿਚੋਂ ਤਿੰਨ ਤਾਂ ਪੂਰੀ ਤਰ੍ਹਾਂ ਟਰਾਈਸਿਟੀ ਦੇ ਹਨ ਜਦਕਿ ਚੌਥਾ ਬੱਦੀ ਨਾਲ ਸਬੰਧਤ ਹੈ ਜਿਸ ਨੇ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਹੈ।
ਐਸ.ਏ.ਐਸ. ਨਗਰ (ਮੁਹਾਲੀ), (ਦਰਸ਼ਨ ਸਿੰਘ ਸੋਢੀ): ਇੱਥੋਂ ਦੇ ਫੇਜ਼-10 ਦੀ ਵਸਨੀਕ ਡਾ. ਦਰਪਣ ਆਹਲੂਵਾਲੀਆ (26) ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਈ ਗਈ ਸਿਵਲ ਸਰਵਿਸਿਜ਼ ਪ੍ਰੀਖਿਆਵਾਂ ਵਿੱਚ 80ਵਾਂ ਰੈਂਕ ਹਾਸਲ ਕਰਕੇ ਜ਼ਿਲ੍ਹਾ ਮੁਹਾਲੀ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਹੋਣਹਾਰ ਲੜਕੀ ਦੇ ਪਿਤਾ ਡਾ. ਗੁਰਿੰਦਰ ਸਿੰਘ ਆਹਲੂਵਾਲੀਆ ਪਸ਼ੂ ਪਾਲਣ ਵਿਭਾਗ ਪੰਜਾਬ ਵਿੱਚ ਬਤੌਰ ਡਿਪਟੀ ਡਾਇਰੈਕਟਰ ਫਤਿਹਗੜ੍ਹ ਸਾਹਿਬ ਵਿੱਚ ਤਾਇਨਾਤ ਹਨ। ਉਨ੍ਹਾਂ ਕੋਲ ਸਦਰ ਦਫ਼ਤਰ ਪਸ਼ੂ ਪਾਲਣ ਡਾਇਰੈਕਟੋਰੇਟ ਦਾ ਵੀ ਵਾਧੂ ਚਾਰਜ ਹੈ। ਕਰੋਨਾ ਮਹਾਮਾਰੀ ਦੌਰਾਨ ਡਾਕਟਰ ਪਿਊ-ਧੀ ਨੇ ਫਰੰਟ ਲਾਈਨ ’ਤੇ ਕੰਮ ਕੀਤਾ ਹੈ।
ਡਾ. ਦਰਪਣ ਨੇ ਦੱਸਿਆ ਕਿ ਉਸ ਨੇ ਸਾਲ 2016-17 ਵਿੱਚ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਤੋਂ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਉਪਰੰਤ ਸਿਵਲ ਸਰਵਿਸਿਜ਼ ਪ੍ਰੀਖਿਆ ਦੇਣ ਦਾ ਮਨ ਬਣਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਛਾਤੀ ਦੇ ਕੈਂਸਰ ਦੀ ਜਾਗਰੂਕਤਾ ਲਈ ਕੰਮ ਕਰਦੀ ਇਕ ਸਮਾਜ ਸੇਵੀ ਸੰਸਥਾ ਵਿੱਚ ਸੇਵਾ ਸ਼ੁਰੂ ਕਰ ਦਿੱਤੀ ਅਤੇ ਨਾਲ-ਨਾਲ ਉਸ ਨੇ ਸਿਵਲ ਸਰਵਿਸਿਜ਼ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਨੇ ਸਾਲ 2018 ਦੀ ਮੁੱਖ ਪ੍ਰੀਖਿਆ ਪਾਸ ਕਰ ਲਈ ਸੀ ਅਤੇ ਇੰਟਰਵਿਊ ਵੀ ਦਿੱਤੀ ਗਈ ਸੀ। ਇਸ ਵਾਰ 2019 ਦੀਆਂ ਪ੍ਰੀਖਿਆਵਾਂ ਵਿੱਚ (ਜਿਸ ਦਾ ਨਤੀਜਾ ਅੱਜ ਹੀ ਐਲਾਨਿਆ ਗਿਆ ਹੈ) ਉਸ ਨੇ 80ਵਾਂ ਰੈਂਕ ਪ੍ਰਾਪਤ ਕੀਤਾ ਹੈ।