ਮੁਕੇਸ਼ ਕੁਮਾਰ
ਚੰਡੀਗੜ੍ਹ, 14 ਸਤੰਬਰ
ਚੰਡੀਗੜ੍ਹ ਵਿੱਚ ਲੋਕਲ ਬੱਸ ਸਰਵਿਸ ਦੀ ਸਹੂਲਤ ਲਈ ਬਣਾਏ ਗਏ ਬੱਸ ਸ਼ੈਲਟਰ ਛੇਤੀ ਹੀ ਬਣਨ ਦੀ ਉਮੀਦ ਦੀ ਕਿਰਨ ਜਾਗੀ ਹੈ। ਲਗਪਗ 16 ਸਾਲਾਂ ਤੋਂ ਉਸਾਰੀ ਦੀ ਉਡੀਕ ਵਿੱਚ ਖੰਡਰ ਹੋ ਚੁਕੇ ਬੱਸ ਸ਼ੈਲਟਰਾਂ ਦੀ ਉਸਾਰੀ ਨੂੰ ਲੈ ਕੇ ਬਿਲਟ ਆਪਰੇਟ ਐਂਡ ਟਰਾਂਸਫਰ (ਬੀਓਟੀ) ਦੇ ਅਧਾਰ ’ਤੇ ਮੁੜ ਤੋਂ ਟੈਂਡਰ ਕੱਢੇ ਗਏ ਹਨ। ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਵਲੋਂ 296 ਨਵੇਂ ਬੱਸ ਸ਼ੈਲਟਰ ਬਣਾਉਣ ਦੀ ਪ੍ਰਕਿਰਿਆ ਨੂੰ ਲੈ ਕੇ ਟੈਂਡਰ ਕੱਢੇ ਗਏ ਹਨ । ਜ਼ਿਕਰਯੋਗ ਯੋਗ ਹੈ ਕਿ ਸ਼ਹਿਰ ਵਿੱਚ ਲੋਕਲ ਬੱਸਾਂ ਲਈ ਬੀਓਟੀ ਅਧਾਰ ’ਤੇ ਬੱਸ ਸ਼ੈਲਟਰ ਬਣਾਉਣ ਲਈ ਸਾਲ 2004 ਵਿੱਚ ਇਹ ਪ੍ਰਾਜੈਕਟ ਤਿਆਰ ਕੀਤਾ ਸੀ। ਲੋਕਾਂ ਨੂੰ ਬਿਨਾਂ ਬੱਸ ਸ਼ੈਲਟਰ ਤੋਂ ਧੁੱਪ ਤੇ ਮੀਂਹ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਸੀ। ਨਵੇਂ ਬੱਸ ਸ਼ੈਲਟਰ ਬਨਣ ਨਾਲ ਸ਼ਹਿਰ ਵਿੱਚ ਬਸ ਸ਼ੈਲਟਰਾਂ ਦੀ ਗਿਣਤੀ 496 ਹੋ ਜਾਵੇਗੀ। ਫਿਲਹਾਲ ਸ਼ਹਿਰ ਵਿੱਚ 200 ਬੱਸ ਸ਼ੈਲਟਰ ਹਨ ਅਤੇ ਇਨ੍ਹਾਂ ਦੀ ਵੀ ਹਾਲਤ ਲਗਪਗ ਖਸਤਾ ਹੈ। ਸਾਰੇ 496 ਬੱਸ ਸ਼ੈਲਟਰਾਂ ਉੱਤੇ ਲੱਗਣ ਵਾਲੇ ਇਸ਼ਤਿਹਾਰਾਂ ਲਈ ਨਗਰ ਨਿਗਮ ਵੱਲੋਂ ਕੰਪਨੀ ਤੋਂ ਫੀਸ ਵਸੂਲੀ ਜਾਵੇਗੀ। ਸੈਕਟਰ 17 ਵਿੱਚ ਮਾਡਲ ਬੱਸ ਸ਼ੈਲਟਰ ਤਿਆਰ ਕੀਤਾ ਗਿਆ ਹੈ , ਇਸੀ ਤਰਜ ’ਤੇ ਹੋਰ ਬੱਸ ਸ਼ੈਲਟਰ ਬਣਾਏ ਜਾਣਗੇ। ਚੰਡੀਗੜ੍ਹ ਦੀ ਸਾਬਕਾ ਮੇਅਰ ਕਮੇਲਸ਼ ਬਨਾਰਸੀ ਦਾਸ ਨੇ ਕਿਹਾ ਕਿ ਪੁਰਾਣੇ ਸਮੇਂ ਦੇ ਬੱਸ ਸ਼ੈਲਟਰ ਵਧੀਆ ਸਨ ਪਰ ਨਵੇਂ ਬਣਾਏ ਜਾ ਰਹੇ ਬੱਸ ਸ਼ੈਲਟਰ ਕੇਵਲ ਦੇਖਣ ਵਿੱਚ ਸੁੰਦਰ ਹੋ ਸਕਦੇ ਹਨ ਪਰ ਸਵਾਰੀਆਂ ਨੂੰ ਮੀਂਹ ਅਤੇ ਧੁੱਪ ਤੋਂ ਬਚਾਉਣ ਵਿੱਚ ਸਫਲ ਨਹੀਂ ਹੋਣਗੇ।