ਅਨਿਲ ਵਿੱਜ ਦਾ ਹਾਲ ਜਾਣਨ ਪੁੱਜੇ ਝੀਂਡਾ
ਸਰਬਜੀਤ ਸਿੰਘ ਭੱਟੀ
ਅੰਬਾਲਾ, 26 ਜੂਨ
ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨਾਲ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਮੁਲਾਕਾਤ ਕੀਤੀ। ਸ੍ਰੀ ਝੀਂਡਾ ਉਨ੍ਹਾਂ ਦੇ ਨਿਵਾਸ ’ਤੇ ਪਹੁੰਚੇ ਤੇ ਮੰਤਰੀ ਵਿੱਜ ਦੀ ਸਿਹਤ ਬਾਰੇ ਜਾਣਿਆ। ਮੰਤਰੀ ਦੇ ਪੈਰ ’ਤੇ ਸੱਟ ਲੱਗਣ ਕਾਰਨ ਉਹ ਘਰ ਆਰਾਮ ਕਰ ਰਹੇ ਹਨ।
ਮੁਲਾਕਾਤ ਦੌਰਾਨ ਪ੍ਰਧਾਨ ਝੀਂਡਾ ਨੇ ਉਨ੍ਹਾਂ ਦੀ ਚੰਗੀ ਸਿਹਤ ਤੇ ਛੇਤੀ ਤੰਦਰੁਸਤ ਹੋਣ ਦੀ ਅਰਦਾਸ ਕੀਤੀ। ਸ੍ਰੀ ਵਿੱਜ ਨੇ ਸ੍ਰੀ ਝੀਂਡਾ ਨੂੰ ਸ਼ਾਲ ਪਾ ਕੇ ਸਨਮਾਨਿਆ ਜਦੋਂਕਿ ਸ੍ਰੀ ਝੀਂਡਾ ਨੇ ਵੀ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਟ ਕੀਤਾ। ਇਸ ਦੌਰਾਨ ਦੋਵਾਂ ਵਿਚਕਾਰ ਰਾਜਨੀਤਕ ਅਤੇ ਸਮਾਜਕ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਇਆ। ਸ੍ਰੀ ਝੀਂਡਾ ਨੇ ਕੈਬਨਿਟ ਮੰਤਰੀ ਵਿੱਜ ਦੀ ਲੋਕ ਭਲਾਈ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਲੋਕ-ਸੇਵਾ ਲਈ ਸਮਰਪਿਤ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਲਾਬ ਸਿੰਘ, ਕਮੇਟੀ ਦੇ ਸਾਬਕਾ ਬੁਲਾਰੇ ਕੰਵਲਜੀਤ ਸਿੰਘ ਅਜਰਾਣਾ, ਸਰਪੰਚ ਭੁਪਿੰਦਰ ਸਿੰਘ ਲਾਡੀ ਅਤੇ ਹੋਰ ਆਗੂ ਵੀ ਮੌਜੂਦ ਸਨ।