ਜਸਨੂਰ ਸੀ ਡੀ ਐੱਸ ਮੈਰਿਟ ’ਚ ਅੱਵਲ
ਐੱਮ ਆਰ ਏ ਐੱਫ ਪੀ ਆਈ ਨੇ 5ਵੀਂ ਵਾਰ ਆਲ-ਇੰਡੀਆ ਟੌਪ ਰੈਂਕ ਹਾਸਲ ਕੀਤਾ; ਜਸਨੂਰ ਤੇ ਸੁਖਰਾਜ ’ਤੇ ਪੰਜਾਬ ਨੂੰ ਮਾਣ: ਅਰੋਡ਼ਾ
ਮੁਹਾਲੀ ਦੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮ ਆਰ ਏ ਐੱਫ ਪੀ ਆਈ) ਨੇ ਇੱਕ ਵਾਰ ਫਿਰ ਕੌਮੀ ਪੱਧਰ ’ਤੇ ਮੀਲ ਪੱਥਰ ਸਥਾਪਤ ਕੀਤਾ ਹੈ। ਇੰਸਟੀਚਿਊਟ ਦੇ 10ਵੇਂ ਕੋਰਸ ਦੇ ਕੈਡਿਟ ਜਸਨੂਰ ਸਿੰਘ ਨੇ ਕੰਬਾਈਨਡ ਡਿਫੈਂਸ ਸਰਵਿਸਿਜ਼ (ਸੀ ਡੀ ਐੱਸ) ਏਅਰ ਫੋਰਸ ਸੂਚੀ ’ਚ ਆਲ ਇੰਡੀਆ ਰੈਂਕ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਪਠਾਨਕੋਟ ਜਸਨੂਰ ਸਿੰਘ ਹੁਣ ਪ੍ਰੀ-ਫਲਾਇੰਗ ਸਿਖਲਾਈ ਕੋਰਸ ਲਈ ਹੈਦਰਾਬਾਦ ’ਚ ਏਅਰ ਫੋਰਸ ਅਕੈਡਮੀ ਜਾਵੇਗਾ। ਜਸਨੂਰ ਦੀ ਪ੍ਰਾਪਤੀ ਨਾਲ ਸੰਸਥਾ ਨੇ ਦੇਸ਼ ਭਰ ’ਚ ਪੰਜਵੀਂ ਵਾਰ ਸਿਖਰਲਾ ਰੈਂਕ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਰੋਪੜ ਤੋਂ ਕੈਡਿਟ ਸੁਖਰਾਜ ਸਿੰਘ ਹੀਰਾ ਨੇ ਚੌਥਾ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ ਤੇ ਸੁਖਰਾਜ ਹੁਣ ਜੂਨ ’ਚ ਸ਼ੁਰੂ ਹੋਣ ਵਾਲੇ 161ਵੇਂ ਕੋਰਸ ਲਈ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਵਿੱਚ ਸ਼ਾਮਲ ਹੋਵੇਗਾ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੋਵਾਂ ਕੈਡਿਟਾਂ ਜਸਨੂਰ ਤੇ ਸੁਖਰਾਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਅਜਿਹੇ ਹੋਣਹਾਰਾਂ ’ਤੇ ਮਾਣ ਹੈ। ਇੰਸਟੀਟਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐੱਚ ਚੌਹਾਨ ਵੀ ਐੱਸ ਐੱਮ ਨੇ ਕੈਡਿਟ ਜਸਨੂਰ ਤੇ ਸੁਖਰਾਜ ਨੂੰ ਵਧਾਈ ਦਿੱਤੀ।

