Jagtar Singh Hawara ਨੇ ਪੈਰੋਲ ਲਈ ਹਾਈ ਕੋਰਟ 'ਚ ਦਾਖ਼ਲ ਕੀਤੀ ਨਵੀਂ ਪਟੀਸ਼ਨ
ਮਾਮਲੇ ਦੀ ਅਗਲੀ ਸੁਣਵਾਈ 28 ਅਕਤੂਬਰ, 2026 ਤੱਕ ਮੁਲਤਵੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੇ ਪੈਰੋਲ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਨਵੀਂ ਪਟੀਸ਼ਨ ਦਾਖ਼ਲ ਕੀਤੀ ਹੈ।
ਪਟੀਸ਼ਨ ਵਿੱਚ, ਹਵਾਰਾ ਨੇ ਦੋਸ਼ ਲਗਾਇਆ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ, ਜੇਲ੍ਹਾਂ ਦੇ ਡਾਇਰੈਕਟਰ ਜਨਰਲ (ਐੱਨ ਸੀ ਟੀ) ਅਤੇ ਮੰਡੋਲੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੇ ਜਾਣਬੁੱਝ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 6 ਜੁਲਾਈ, 2026 ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਉਸ ਨੇ ਕਿਹਾ ਕਿ ਹੁਕਮ ਵਿੱਚ ਮੰਡੋਲੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਇੱਕ ਹਫ਼ਤੇ ਦੇ ਅੰਦਰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਨੂੰ ਪੈਰੋਲ ਸਬੰਧੀ ਅਰਜ਼ੀ ਭੇਜਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਅਰਜ਼ੀ ਮਿਲਣ 'ਤੇ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚਾਰ ਹਫ਼ਤਿਆਂ ਦੇ ਅੰਦਰ ਮੰਡੋਲੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰਡੈਂਟ ਨੂੰ ਆਪਣੀਆਂ ਟਿੱਪਣੀਆਂ/ਸਿਫ਼ਾਰਸ਼ਾਂ ਭੇਜੀਆਂ ਜਾਣੀਆਂ ਸਨ। ਟਿੱਪਣੀਆਂ/ਸਿਫ਼ਾਰਸ਼ਾਂ ਮਿਲਣ 'ਤੇ, ਮੰਡੋਲੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਦੋ ਹਫ਼ਤਿਆਂ ਦੇ ਅੰਦਰ ਪੈਰੋਲ ਅਰਜ਼ੀ 'ਤੇ ਫੈਸਲਾ ਲੈਣਾ ਸੀ।
ਉਸ ਨੇ ਕਿਹਾ ਕਿ ਚੌਥੀ ਧਿਰ, ਪੰਜਾਬ ਸਰਕਾਰ, ਪਹਿਲਾਂ ਹੀ ਉਸ ਨੂੰ ਪੈਰੋਲ 'ਤੇ ਰਿਹਾਅ ਕਰਨ ਦੀ ਸਿਫਾਰਸ਼ ਕਰ ਚੁੱਕੀ ਹੈ। ਹਾਲਾਂਕਿ, ਦੂਜੀਆਂ ਧਿਰਾਂ ਨੇ ਹਦਾਇਤਾਂ ਦੀ ਪਾਲਣਾ ਕਰਨ ਵਿੱਚ ਕੁਤਾਹੀ ਕੀਤੀ ਹੈ ਅਤੇ ਜਾਣਬੁੱਝ ਕੇ ਤੈਅ ਸਮੇਂ ਅੰਦਰ ਉਸ ਦੀ ਪੈਰੋਲ ਅਰਜ਼ੀ 'ਤੇ ਕੋਈ ਫ਼ੈਸਲਾ ਨਹੀਂ ਲਿਆ। ਇਸ ਜਾਣਬੁੱਝ ਕੇ ਕੀਤੀ ਗਈ ਉਲੰਘਣਾ ਲਈ ਇੱਕ ਵੱਖਰੀ ਮਾਣਹਾਨੀ ਪਟੀਸ਼ਨ ਦਾਖ਼ਲ ਕੀਤੀ ਜਾ ਰਹੀ ਹੈ, ਕਿਉਂਕਿ ਸਬੰਧਤ ਧਿਰਾਂ ਨੇ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਉਸਦੀ ਪੈਰੋਲ ਅਰਜ਼ੀ 'ਤੇ ਫੈਸਲਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਸ ਕੋਲ ਕੋਈ ਹੋਰ ਪ੍ਰਭਾਵਸ਼ਾਲੀ ਉਪਾਅ ਨਹੀਂ ਹੈ, ਇਸ ਲਈ ਉਸਨੇ ਇਹ ਰਿਟ ਪਟੀਸ਼ਨ ਦਾਖ਼ਲ ਕੀਤੀ ਹੈ। ਹਵਾਰਾ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਸਨੂੰ ਨਿਯਮਤ ਪੈਰੋਲ ਦਿੱਤੀ ਜਾਵੇ ਅਤੇ ਸਬੰਧਤ ਧਿਰਾਂ ਨੂੰ ਉਸਨੂੰ ਚਾਰ ਹਫ਼ਤਿਆਂ ਲਈ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ ਜਾਵੇ।
ਹਵਾਰਾ ਨੇ ਦੱਸਿਆ ਕਿ ਉਹ ਪਹਿਲਾਂ ਹੀ 29 ਸਾਲ ਅਤੇ 1 ਮਹੀਨੇ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੈ। 11 ਜੂਨ, 2025 ਨੂੰ ਉਸ ਨੇ ਸੁਪਰਡੈਂਟ ਕੇਂਦਰੀ ਜੇਲ੍ਹ ਮੰਡੋਲੀ ਅੱਗੇ ਆਪਣੀ ਪਹਿਲੀ ਅਰਜ਼ੀ ਦਿੱਤੀ ਸੀ। ਕਿਉਂਕਿ ਸੁਪਰਡੈਂਟ ਕੇਂਦਰੀ ਜੇਲ੍ਹ ਮੰਡੋਲੀ ਤੈਅ ਸਮੇਂ ਅੰਦਰ ਅਰਜ਼ੀ 'ਤੇ ਫ਼ੈਸਲਾ ਲੈਣ ਵਿੱਚ ਅਸਫ਼ਲ ਰਿਹਾ, ਇਸ ਲਈ ਉਸ ਨੇ 4 ਹਫ਼ਤਿਆਂ ਦੀ ਨਿਯਮਤ ਪੈਰੋਲ 'ਤੇ ਰਿਹਾਅ ਹੋਣ ਲਈ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਸੁਣਵਾਈ ਦੌਰਾਨ ਦਿੱਲੀ ਦੇ ਵਧੀਕ ਸਟੈਂਡਿੰਗ ਕੌਂਸਲ ਨੇ ਦਲੀਲ ਦਿੱਤੀ ਸੀ ਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਪ੍ਰਸ਼ਾਸਨ ਹੀ ਉਸ ਦੀ ਪੈਰੋਲ 'ਤੇ ਫ਼ੈਸਲਾ ਕਰਨ ਲਈ ਸਮਰੱਥ ਅਥਾਰਟੀ ਹੈ।
ਉੱਥੇ ਹੀ ਨੋਟਿਸ ਜਾਰੀ ਕਰਦਿਆਂ ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਕਤੂਬਰ, 2026 ਤੱਕ ਮੁਲਤਵੀ ਕਰ ਦਿੱਤੀ ਹੈ।

