ਲੀਜ਼ ਹੋਲਡ ਪ੍ਰਾਪਰਟੀ ਟਰਾਂਸਫ਼ਰ ਕਰਵਾਉਣ ਵੇਲੇ ਖੱਜਲ-ਖੁਆਰੀ

ਲੀਜ਼ ਹੋਲਡ ਪ੍ਰਾਪਰਟੀ ਟਰਾਂਸਫ਼ਰ ਕਰਵਾਉਣ ਵੇਲੇ ਖੱਜਲ-ਖੁਆਰੀ

ਸਿੰਗਲ ਵਿੰਡੋ ਸਿਸਟਮ ਅੱਗੇ ਖਡ਼੍ਹੇ ਚੰਡੀਗਡ਼੍ਹ ਦੇ ਵਸਨੀਕ।

ਪੱਤਰ ਪ੍ਰੇਰਕ
ਚੰਡੀਗੜ੍ਹ, 2 ਜੁਲਾਈ

ਇਥੋਂ ਦੇ ਐਸਟੇਟ ਆਫ਼ਿਸ ਵਿੱਚ ਲੀਜ਼-ਹੋਲਡ ਪ੍ਰਾਪਰਟੀ ਦੀ ਮਲਕੀਅਤ ਬਾਰੇ ਐਨਓਸੀ ਲੈਣ ਤੋਂ ਲੈ ਕੇ ਪ੍ਰਾਪਰਟੀ ਆਪਣੇ ਨਾਂ ’ਤੇ ਕਰਵਾਉਣ ਦੀ ਪ੍ਰਕਿਰਿਆ ਦੌਰਾਨ ਸ਼ਹਿਰ ਵਾਸੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਦਫ਼ਤਰ ਵਿੱਚ ਕੰਮਕਾਜ ਲਈ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਐਸਟੇਟ ਆਫ਼ਿਸ ਵਿੱਚ ਸਿੰਗਲ ਵਿੰਡੋ ਸਿਸਟਮ ਚੱਲ ਰਿਹਾ ਹੈ ਪਰ ਇੱਕੋ ਪ੍ਰਾਪਰਟੀ ਸਬੰਧੀ ਵਾਰ-ਵਾਰ ਉਹੀ ਕਾਗਜ਼ ਮੰਗੇ ਜਾਂਦੇ ਹਨ ਜਿਸ ਕਾਰਨ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਜੇਕਰ ਕਿਸੇ ਵਿਅਕਤੀ ਨੇ ਬੂਥ, ਸ਼ੋਅਰੂਮ ਜਾਂ ਕਿਸੇ ਮਕਾਨ ਦੀ ਐਨਓਸੀ ਲੈਣੀ ਹੋਵੇ ਤਾਂ ਉਸ ਨੂੰ ਓਹੀ ਕਾਗਜ਼ਾਤ ਚਾਰ-ਚਾਰ ਵਾਰ ਐਸਟੇਟ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੇ ਪੈਂਦੇ ਹਨ। ਪਹਿਲਾਂ ਨੋ-ਡਿਊਜ਼ ਦੀ ਫਾਈਲ ਪੂਰੀ ਕਰਨੀ ਪੈਂਦੀ ਹੈ ਜਿਸ ਉਪਰੰਤ ਦਫ਼ਤਰ ਵਾਲੇ ਉਸ ਬੂਥ ਦੀ ਕੰਪਲੀਸ਼ਨ ਬਾਰੇ ਆਰਕੀਟੈਕਟ ਵੱਲੋਂ ਜਾਰੀ ਸਰਟੀਫਿਕੇਟ ਮੰਗਦੇ ਹਨ। ਆਰਕੀਟੈਕਟ ਤੋਂ ਸਰਟੀਫਿਕੇਟ ਲੈਣਾ ਇੰਨਾ ਮੁਸ਼ਕਿਲ ਹੈ ਕਿ ਇਹ ਸਰਟੀਫਿਕੇਟ ਲੈਣ ਲਈ 50 ਹਜ਼ਾਰ ਰੁਪਏ ਤੱਕ ਖਰਚ ਕਰਨੇ ਪੈਂਦੇ ਹਨ ਤਾਂ ਜਾ ਕੇ ਐਨਓਸੀ ਮਿਲਦੀ ਹੈ।

ਮਲਕੀਅਤ ਟਰਾਂਸਫਰ ਵੇਲੇ ਹੁੰਦੀ ਹੈ ਆਰਥਿਕ ਪ੍ਰੇਸ਼ਾਨੀ : ਲੀਜ਼ ਹੋਲਡ ਪ੍ਰਾਪਰਟੀ ਦੀ ਮਲਕੀਅਤ ਟਰਾਂਸਫ਼ਰ (ਇੰਤਕਾਲ) ਕਰਵਾਉਣ ਲਈ ਫਿਰ ਉਹੀ ਸਾਰੇ ਕਾਗਜ਼ ਦੁਬਾਰਾ ਮੰਗੇ ਜਾਂਦੇ ਹਨ ਜਿਹੜੇ ਐਨ.ਓ.ਸੀ. ਲੈਣ ਵੇਲੇ ਐਸਟੇਟ ਆਫ਼ਿਸ ਕੋਲ ਜਮ੍ਹਾਂ ਕਰਵਾਏ ਸਨ। ਆਰਕੀਟੈਕਟ ਦੇ ਜਿਹੜੇ ਸਰਟੀਫਿਕੇਟ ਉੱਤੇ ਪਹਿਲਾਂ 50 ਹਜ਼ਾਰ ਰੁਪਏ ਖਰਚ ਕੀਤੇ ਸਨ, ਉਹੀ ਸਰਟੀਫਿਕੇਟ ਫਿਰ ਤੋਂ ਇੰਤਕਾਲ ਲਈ ਵੀ ਅਸਲੀ ਮੰਗਿਆ ਜਾਂਦਾ ਹੈ। ਮਤਲਬ ਕਿ ਫਿਰ 50 ਹਜ਼ਾਰ ਰੁਪਏ ਖਰਚ ਕਰਨੇ ਪੈਂਦੇ ਹਨ।

ਚੈੱਕਲਿਸਟ ਦੇ ਨਾਂ ’ਤੇ ਵਾਰ-ਵਾਰ ਹੁੰਦੀ ਪ੍ਰੇਸ਼ਾਨੀ : ਪ੍ਰਾਪਰਟੀ ਕਾਰੋਬਾਰੀ ਜਗਦੀਪ ਮਹਾਜਨ ਨੇ ਦੱਸਿਆ ਕਿ ਐਸਟੇਟ ਆਫ਼ਿਸ ਤੋਂ ਲੀਜ਼ ਹੋਲਡ ਪ੍ਰਾਪਰਟੀ ਦੀ ਮਲਕੀਅਤ ਸਬੰਧੀ ਮਿਲਣ ਵਾਲੀ ਫਾਈਲ ਵਿੱਚ ਲਗਾਈ ਚੈੱਕਲਿਸਟ ਮੁਤਾਬਕ ਜਦੋਂ ਸਬੰਧਤ ਵਿਅਕਤੀ ਫਾਈਲ ਮੁਕੰਮਲ ਕਰ ਕੇ ਲਿਜਾਂਦਾ ਹੈ ਤਾਂ ਸਿੰਗਲ ਵਿੰਡੋ ’ਤੇ ਜਾਂਦਿਆਂ ਹੀ ਨਵੀਂ ਚੈੱਕਲਿਸਟ ਬਾਰੇ ਕਹਿ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਐਸਟੇਟ ਆਫ਼ਿਸ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੇ ਵਾਰ-ਵਾਰ ਚੱਕਰ ਲਗਵਾਉਣ ਦੀ ਬਜਾਇ ਫਾਈਲ ਵਾਲੀ ਚੈੱਕਲਿਸਟ ਹੀ ਸਹੀ ਹੋਣੀ ਚਾਹੀਦੀ ਹੈ।

ਡੀਸੀ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ

ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਕਿਹਾ ਹੈ ਕਿ ਐਸਟੇਟ ਆਫ਼ਿਸ ਵਿੱਚ ਕੰਮ ਕਾਜ ਲਈ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ ਹੈ। ਊਨ੍ਹਾਂ ਕਿਹਾ ਕਿ ਦਸਤੀਵੇਜ਼ਾਂ ਦੀ ਬਕਾਇਦਾ ਚੈੱਕਲਿਸਟ ਬਣਾਈ ਗਈ ਹੈ ਅਤੇ ਉਸ ਮੁਤਾਬਕ ਹੀ ਡੀਲਿੰਗ ਹੈਂਡ ਵੱਲੋਂ ਕਾਗਜ਼ੀ ਕਾਰਵਾਈ ਪੂਰੀ ਕਰਵਾਈ ਜਾਂਦੀ ਹੈ। ਊਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਿਸਟਮ ਵਿੱਚ ਕਿਧਰੇ ਕੋਈ ਖਾਮੀ ਰਹਿ ਗਈ ਹੈ ਤਾਂ ਉਸ ਦਾ ਪਤਾ ਲਗਾਇਆ ਜਾਵੇਗਾ ਅਤੇ ਉਸ ਨੂੰ ਸਹੀ ਕਰਵਾਇਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All