ਚੰਡੀਗੜ੍ਹ ਵਿੱਚ ਕਹਿਰ ਬਣ ਕੇ ਵਰ੍ਹਿਆ ਮੀਂਹ : The Tribune India

ਚੰਡੀਗੜ੍ਹ ਵਿੱਚ ਕਹਿਰ ਬਣ ਕੇ ਵਰ੍ਹਿਆ ਮੀਂਹ

ਚੰਡੀਗੜ੍ਹ ਵਿੱਚ ਕਹਿਰ ਬਣ ਕੇ ਵਰ੍ਹਿਆ ਮੀਂਹ

ਚੰਡੀਗੜ੍ਹ ਦੇ ਸੈਕਟਰ 23 ਸੀ ਵਿਖੇ ਐਤਵਾਰ ਨੂੰ ਲਗਾਤਾਰ ਮੀਂਹ ਪੈਣ ਕਾਰਨ ਇਕ ਕਾਰ ’ਤੇ ਡਿੱਗਿਆ ਦਰੱਖਤ। -ਫੋਟੋਆਂ: ਪ੍ਰਦੀਪ ਤਿਵਾੜੀ

ਮੁਕੇਸ਼ ਕੁਮਾਰ

ਚੰਡੀਗੜ੍ਹ, 25 ਸਤੰਬਰ

ਚੰਡੀਗੜ੍ਹ ਵਿੱਚ ਪਿਛਲੇ ਚਾਰ ਦਿਨਾਂ ਤੋਂ ਪੈ ਰਹੀ ਬਾਰਿਸ਼ ਹੁਣ ਸ਼ਹਿਰ ਵਾਸੀਆਂ ਲਈ ਮੁਸੀਬਤ ਬਣ ਗਈ ਹੈ। ਸ਼ਹਿਰੀ ਦੀ ਖੂਬਸੂਰਤੀ ਅਤੇ ਹਰਿਆਲੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਇਥੋਂ ਦੇ ਦਰੱਖਤ ਲੋਕਾਂ ਅਤੇ ਜਾਨ-ਮਾਲ ਲਈ ਖਤਰਾ ਬਣ ਗਏ ਹਨ। ਪਿਛਲੇ ਦਿਨਾਂ ਤੋਂ ਪੈ ਰਹੀ ਇਸ ਬੇਮੌਸਮੀ ਬਾਰਿਸ਼ ਨਾਲ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਤਿੰਨ ਦਰਜਨ ਤੋਂ ਵੱਧ ਦਰਖਤ ਡਿੱਗੇ ਹਨ।

ਹਾਲਾਂਕਿ ਇਨ੍ਹਾਂ ਦਰਖਤਾਂ ਦੇ ਡਿੱਗਣ ਨਾਲ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ, ਪਰ ਦਰੱਖਤਾਂ ਦੇ ਡਿੱਗਣ ਦੀਆਂ ਘਟਨਾਵਾਂ ਕਾਰਨ ਇੱਕ ਦੋ ਥਾਵਾਂ ’ਤੇ ਵਾਹਨਾਂ ਦਾ ਨੁਕਸਾਨ ਹੋਇਆ ਹੈ।

ਚੰਡੀਗੜ੍ਹ ਦੇ ਸੈਕਟਰ 37-38 ਦੀ ਵਿਚਕਾਰਲੀ ਸੜਕ ’ਤੇ ਡਿੱਗਿਆ ਹੋਇਆ ਇਕ ਵੱਡਾ ਦਰੱਖਤ।

ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਲਗਾਤਾਰ ਬਾਰਿਸ਼ ਕਾਰਨ ਦਰੱਖਤਾਂ ਦੀਆਂ ਜੜ੍ਹਾਂ ਪੋਲੀਆਂ ਹੋ ਗਈਆਂ ਅਤੇ ਅੱਜ ਸਵੇਰੇ ਚਲੀਆਂ ਤੇਜ਼ ਹਵਾਵਾਂ ਕਾਰਨ ਬਾਰਿਸ਼ ਦੇ ਪਾਣੀ ਨਾਲ ਗਿੱਲੇ ਹੋਏ ਤਣਿਆਂ ਦਾ ਬੋਝ ਨਾ ਸਹਾਰਦੇ ਹੋਏ ਇਹ ਦਰੱਖਤ ਡਿੱਗ ਗਏ। ਚੰਡੀਗੜ੍ਹ ਦੇ ਇਤਿਹਾਸ ਵਿੱਚ ਇੰਨੀ ਵੱਡੀ ਪੱਧਰ ‘ਤੇ ਦਰੱਖਤ ਡਿੱਗਣ ਦੀਆਂ ਘਟਨਾਵਾਂ ਪਹਿਲੀ ਵਾਰ ਦੇਖਣ ਨੂੰ ਮਿਲੀਆਂ ਹਨ।

ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਵੱਖ ਵੱਖ ਕਿਸਮਾਂ ਦੇ 37 ਦਰੱਖਤ ਜੜੋਂ ਹੀ ਡਿੱਗ ਗਏ ਹਨ। ਹੈਰਾਨੀ ਵਾਲੀ ਗੱਲ ਹੈ ਕਿ ਡਿੱਗੇ ਹੋਏ ਦਰਖਤਾਂ ਵਿੱਚ ਲਗਪਗ ਸਾਰੇ ਹੀ ਹਰੇ ਭਰੇ ਹਨ ਅਤੇ ਪਹਿਲੀ ਨਜ਼ਰ ਤੋਂ ਇੰਜ ਨਹੀਂ ਲਗਦਾ ਕਿ ਇਹ ਸੁੱਕੇ ਹੋਏ ਹਨ ਜਾਂ ਕਮਜ਼ੋਰ ਹਨ। ਕਈਂ ਸੜਕਾਂ ਦੇ ਨੇੜੇ ਡਿੱਗੇ ਵੱਡੇ ਦਰਖਤਾਂ ਨਾਲ ਉਥੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ ਅਤੇ ਨਿਗਮ ਦੇ ਬਾਗਵਾਨੀ ਵਿਭਾਗ ਨੇ ਵੱਡੇ ਪੱਧਰ ’ਤੇ ਆਪਣੇ ਕਾਮਿਆਂ ਦੀ ਸਹਾਇਤਾ ਨਾਲ ਡਿੱਗੇ ਹੋਏ ਦਰਖਤਾਂ ਦੀ ਰਹਿੰਦ ਖੂਹੰਦ ਨੂੰ ਹਟਾਇਆ ਅਤੇ ਸੜਕਾਂ ਅਤੇ ਹੋਰ ਰਸਤਿਆਂ ਨੂੰ ਸਾਫ ਕੀਤਾ। ਜ਼ਿਕਰਯੋਗ ਹੈ 8 ਜੁਲਾਈ ਨੂੰ ਇਥੇ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਡਿੱਗੇ ਇਕ ਵਿਰਾਸਤੀ ਦਰੱਖਤ ਦੀ ਦੁਖਦਾਈ ਘਟਨਾ ਦੌਰਾਨ ਸਕੂਲ ਦੀ ਇੱਕ ਵਿਦਿਆਰਥਣ ਦੀ ਹੋਈ ਦਰਦਨਾਕ ਮੌਤ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਵਿੱਚ ਖਤਰਨਾਕ ਦਰੱਖਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹਟਾਉਣ ਲਈ ਸਰਗਰਮ ਹੋਇਆ ਸੀ। ਇਸ ਕਾਰਜ ਨੂੰ ਲੈ ਕੇ ਬਕਾਇਦਾ ਸਰਵੇਖਣ ਵੀ ਕੀਤਾ ਗਿਆ ਸੀ ਅਤੇ ਪੁਰਾਣੇ ਤੇ ਘੁਣ ਲੱਗੇ ਹੋਏ ਦਰਖਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹਟਾਇਆ ਵੀ ਗਿਆ ਸੀ। ਪਰ ਹਰੇ ਭਰੇ ਦਰਖਤਾਂ ਦਾ ਡਿੱਗਣਾ ਪ੍ਰਸ਼ਾਸਨ ਅਤੇ ਨਿਗਮ ਦੇ ਬਾਗਵਾਨੀ ਵਿਭਾਗ ਲਈ ਚੁਣੌਤੀ ਹਨ। ਦਰੱਖਤ ਡਿੱਗਣ ਦੀਆਂ ਹੋ ਰਹੀਆਂ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ ’ਚ ਸਹਿਮ ਹੈ। ਜਿਹੜੇ ਵਾਹਨ ਚਾਲਕ ਪਹਿਲਾਂ ਆਪਣੇ ਵਾਹਨ ਪਾਰਕ ਕਰਨ ਲਈ ਦਰੱਖਤਾਂ ਦੀ ਛਾਂ ਭਾਲਦੇ ਸਨ, ਹੁਣ ਓਹੀ ਵਾਹਨ ਚਾਲਕ ਆਪਣੇ ਵਾਹਨ ਦਰਖਤ ਹੇਠਾਂ ਪਾਰਕ ਕਰਨ ਤੋਂ ਗੁਰੇਜ਼ ਕਰਦੇ ਹਨ। ਲੋਕਾਂ ਦੀ ਮੰਗ ਹੈ ਕਿ ਅਜਿਹੇ ਖਤਰਨਾਕ ਦਰੱਖਤਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। ਦੂਜੇ ਪਾਸੇ ਇਹ ਬੇਮੌਸਮੀ ਬਾਰਿਸ਼ ਸ਼ਹਿਰ ਵਾਸੀਆਂ ਲਈ ਹੋਰ ਕਈਂ ਤਰ੍ਹਾਂਂ ਦੀਆਂ ਵੀ ਮੁਸੀਬਤਾਂ ਲੈ ਕੇ ਆਈ ਹੈ। ਅੱਜ ਹੋਈ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਕੁਝ ਇਲਾਕਿਆਂ ’ਚ ਬਿਜਲੀ ਗੁੱਲ ਹੋਣ ਕਾਰਨ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਿਜਲੀ ਦੀ ਸਪਲਾਈ ਠੱਪ ਹੋਣ ਕਾਰਨ ਟ੍ਰੈਫਿਕ ਲਾਈਟਾਂ ਬੰਦ ਹੋਣ ਕਾਰਨ ਸ਼ਹਿਰ ਦੇ ਕਈ ਸੈਕਟਰਾਂ ਦੇ ਚੌਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ।

ਸ੍ਰੀ ਮਨਸਾ ਦੇਵੀ ਕੰਪਲੈਕਸ ’ਚ ਦਰੱਖਤ ਡਿੱਗਣ ਦੇ ਖਦਸ਼ੇ ਤਹਿਤ ਲਗਾਇਆ ਚਿਤਾਵਨੀ ਬੋਰਡ। ਫੋਟੋ: ਰਵੀ ਕੁਮਾਰ

ਚੰਡੀਗੜ੍ਹ ਦੀਆਂ ਇਨ੍ਹਾਂ ਥਾਵਾਂ ’ਤੇ ਡਿੱਗੇ ਦਰੱਖਤ

ਨਗਰ ਨਿਗਮ ਤੋਂ ਮਿਲੀ ਸੂਚਨਾਂ ਅਨੁਸਾਰ ਅੱਜ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਕੁੱਲ੍ਹ 37 ਦਰੱਖਤ ਡਿੱਗੇ ਹਨ। ਚੰਡੀਗੜ੍ਹ ਦੇ ਸੈਕਟਰ 4 ਵਿੱਚ 1, ਸੈਕਟਰ 5 ਵਿੱਚ 2, ਸੈਕਟਰ 7 ਵਿੱਚ 1, ਸੈਕਟਰ 8 ਵਿੱਚ 2, ਸੈਕਟਰ 11 ਵਿੱਚ 3 , ਸੈਕਟਰ 11 ਵਿੱਚ 1, ਸੈਕਟਰ 16 ਵਿੱਚ 3, ਸੈਕਟਰ 20 ਵਿੱਚ 1, ਸੈਕਟਰ 22 ਵਿੱਚ 1, ਸੈਕਟਰ 23 ਵਿੱਚ 2, ਸੈਕਟਰ 25 ਵਿੱਚ 1, ਸੈਕਟਰ 27 ਵਿੱਚ 2, ਸੈਕਟਰ 28 ਵਿੱਚ 1, ਸੈਕਟਰ 30 ਵਿੱਚ 1, ਸੈਕਟਰ 31 ਵਿੱਚ 1, ਸੈਕਟਰ 35 ਵਿੱਚ 1, ਸੈਕਟਰ 36 ਵਿੱਚ 1, ਸੈਕਟਰ 37 ਵਿੱਚ 1, ਸੈਕਟਰ 40 ਵਿੱਚ 2, ਸੈਕਟਰ 42 ਵਿੱਚ 1, ਸੈਕਟਰ 45 ਵਿੱਚ 1, ਸੈਕਟਰ 49 ਵਿੱਚ 1, ਸੈਕਟਰ 51 ਵਿੱਚ 1, ਸਨਅਤੀ ਖੇਤਰ ਫੇਜ਼ 1 ਵਿੱਚ 2, ਮਨੀਮਾਜਰਾ ਵਿਖੇ 2 ਅਤੇ ਪਿੰਡ ਬੜਹੇੜੀ ਦੇ ਇਲਾਕੇ ਵਿੱਚ 1 ਦਰੱਖਤ ਡਿੱਗਣ ਦੀ ਸੂਚਨਾ ਹੈ।

ਮੁਹਾਲੀ ਵਿੱਚ ਕਈ ਥਾਈਂ ਦਰੱਖਤ ਡਿੱਗੇ

ਮੁਹਾਲੀ ਦੇ ਫੇਜ਼ 9-10 ਨੂੰ ਵੰਡਦੀ ਸੜਕ ’ਤੇ ਡਿੱਗਿਆ ਦਰੱਖਤ। -ਫੋਟੋ: ਨਿਤਿਨ ਮਿੱਤਲ

ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਭਰਵੀਂ ਬਾਰਸ਼ ਨਾਲ ਪੂਰੇ ਇਲਾਕੇ ਵਿੱਚ ਜਲਥਲ ਹੋ ਗਈ। ਤੇਜ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਜਿੱਥੇ ਖੇਤਾਂ ਵਿੱਚ ਖੜੀ ਝੋਨੇ ਦੀ ਫਸਲ ਅਤੇ ਹੋਰ ਫਸਲਾਂ ਅਤੇ ਸਬਜੀਆਂ ਨੂੰ ਨੁਕਸਾਨ ਪੁੱਜਾ ਹੈ, ਉੱਥੇ ਕਈ ਥਾਵਾਂ ਤੇ ਮੰਡੀਆਂ ਵਿੱਚ ਪੁੱਜਾ ਝੋਨਾ ਵੀ ਖਰਾਬ ਹੋ ਗਿਆ ਹੈ। ਉਧਰ, ਮੁਹਾਲੀ ਸ਼ਹਿਰ ਅਤੇ ਆਲੇ-ਦੁਆਲੇ ਇਲਾਕੇ ਵਿੱਚ ਮੀਂਹ ਦੇ ਨਾਲ ਨਾਲ ਤੇਜ਼ ਹਵਾ ਚੱਲਣ ਕਾਰਨ ਕਾਫੀ ਥਾਵਾਂ ਉੱਤੇ ਦਰਖਤ ਟੁੱਟ ਕੇ ਡਿੱਗੇ ਹਨ। ਹਾਲਾਂਕਿ ਇਸ ਦੌਰਾਨ ਕਿਸੇ ਵੱਡੇ ਦੁਖਾਂਤ ਤੋਂ ਬਚਾਅ ਰਿਹਾ ਪਰੰਤੂ ਕਾਫੀ ਸਮੇਂ ਤੱਕ ਆਵਾਜਾਈ ਪ੍ਰਭਾਵਿਤ ਰਹੀ ਹੈ। ਫੇਜ 9 ਫੇਜ 10, ਫੇਜ 3। ਫੇਜ 4 ਅਤੇ ਸੈਕਟਰ 71 ਵਿੱਚ ਦਰੱਖਤ ਟੁੱਟਣ ਕੇ ਡਿੱਗਣ ਦੀਆਂ ਖਬਰਾਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All