ਮੁਕੇਸ਼ ਕੁਮਾਰ
ਚੰਡੀਗੜ੍ਹ, 3 ਅਗਸਤ
ਐੱਸਐੱਸਪੀ ਦੇ ਹੁਕਮਾਂ ’ਤੇ ਅੱਜ ਸੈਕਟਰ-39 ਦੀ ਪੁਲੀਸ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਦੀ ਟੀਮ ਨੇ ਸੈਕਟਰ-37 ਵਿੱਚ ਗੈਰਕਾਨੂੰਨੀ ਤੌਰ ’ਤੇ ਲੱਗੀਆਂ ਸਬਜ਼ੀਆਂ ਤੇ ਫਲਾਂ ਦੀਆਂ ਫੜ੍ਹੀਆਂ ਤੇ ਰੇਹੜੀਆਂ ਨੂੰ ਹਟਾਇਆ। ਨਿਗਮ ਦੇ ਐਨਫੋਰਮਸਮੈਂਟ ਵਿੰਗ ਜ਼ੋਨ-2 ਦੇ ਇੰਸਪੈਕਟਰ ਡੀਪੀ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸੈਕਟਰ-39 ਥਾਣੇ ਤੋਂ ਸੂਚਨਾ ਮਿਲੀ ਸੀ ਕਿ ਸੈਕਟਰ-37 ਵਿੱਚ ਗੈਰ-ਕਾਨੂੰਨੀ ਤੌਰ ’ਤੇ ਵੱਡੀ ਗਿਣਤੀ ਵਿੱਚ ਸਬਜ਼ੀ ਤੇ ਫਲ ਵੇਚਣ ਵਾਲੇ ਫੜ੍ਹੀਆਂ ਤੇ ਰੇਹੜੀਆਂ ਲਗਾ ਕੇ ਬੈਠੇ ਹਨ। ਸੂਚਨਾ ਮਿਲਣ ’ਤੇ ਨਗਰ ਨਿਗਮ ਦੇ ਐਨਫੋਰਮਸਮੈਂਟ ਵਿੰਗ ਦੀ ਟੀਮ ਇੰਸਪੈਕਟਰ ਡੀਪੀ ਸਿੰਘ ਦੀ ਨਿਗਰਾਨੀ ਹੇਠ ਸੈਕਟਰ-37 ਵਿੱਚ ਦੱਸੀ ਗਈ ਥਾਂ ’ਤੇ ਪੁੱਜੀ। ਇਸ ਦੌਰਾਨ ਨਿਗਮ ਦੀ ਟੀਮ ਨੇ ਸੈਕਟਰ ਵਿੱਚ 18 ਕਾਬਜ਼ਕਾਰਾਂ ਦੇ ਚਲਾਨ ਕੱਟ ਕੇ ਉਨ੍ਹਾਂ ਦੀਆਂ ਰੇਹੜੀਆਂ ਤੇ ਹੋਰ ਸਾਮਾਨ ਜ਼ਬਤ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।