ਪੰਜਾਬ ’ਚ ਨਿਵੇਸ਼ ਦੀ ਬਹਾਰ: 2022 ਤੋਂ ਹੁਣ ਤੱਕ ਆਇਆ 1.5 ਲੱਖ ਕਰੋੜ ਦਾ ਨਿਵੇਸ਼
ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਦਿੱਤੀ ਜਾਣਕਾਰੀ; 5 ਲੱਖ ਤੋਂ ਵੱਧ ਨੌਕਰੀਆਂ ਦੇ ਪੈਦਾ ਹੋਏ ਮੌਕੇ
ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਲ 2022 ਤੋਂ ਹੁਣ ਤੱਕ ਰਾਜ ਨੇ 1.5 ਲੱਖ ਕਰੋੜ ਰੁਪਏ ਦਾ ਭਾਰੀ ਨਿਵੇਸ਼ ਖਿੱਚਿਆ ਹੈ। ਇਸ ਨਿਵੇਸ਼ ਸਦਕਾ ਪੂਰੇ ਸੂਬੇ ਵਿੱਚ 5 ਲੱਖ ਤੋਂ ਵੱਧ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ।
ਉਨ੍ਹਾਂ ਕਿਹਾ ਕਿ ਇਹ ਅੰਕੜੇ ਸਾਬਤ ਕਰਦੇ ਹਨ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਹੁਣ ਉਦਯੋਗਾਂ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ।
ਪਿਛਲੇ ਪੰਜ ਮਹੀਨਿਆਂ ਦੌਰਾਨ ਕਈ ਵੱਡੇ ਉਦਯੋਗਿਕ ਘਰਾਣਿਆਂ ਨੇ ਪੰਜਾਬ ਵਿੱਚ ਆਪਣੀ ਪੂੰਜੀ ਲਗਾਉਣ ਦੀ ਵਚਨਬੱਧਤਾ ਦੁਹਰਾਈ ਹੈ। ਇਸ ਵਿੱਚ ਮੁੱਖ ਤੌਰ ’ਤੇ ਐਚ.ਪੀ.ਸੀ.ਐਲ ਮਿੱਤਲ ਐਨਰਜੀ ਲਿਮਟਿਡ (2,600 ਕਰੋੜ ਰੁਪਏ), ਵਰਧਮਾਨ ਸਟੀਲਜ਼ (3,000 ਕਰੋੜ ਰੁਪਏ), ਅਤੇ ਟ੍ਰਾਈਡੈਂਟ ਗਰੁੱਪ (2,000 ਕਰੋੜ ਰੁਪਏ) ਸ਼ਾਮਲ ਹਨ।
ਇਸ ਤੋਂ ਇਲਾਵਾ ਆਈ.ਓ.ਐਲ ਕੈਮੀਕਲਜ਼ (1,400 ਕਰੋੜ), ਹੈਪੀ ਫੋਰਜਿੰਗਜ਼ (1,000 ਕਰੋੜ), ਵੀਰਕਾ ਬੇਵਰੇਜਿਜ਼ (987 ਕਰੋੜ), ਫੋਰਟਿਸ ਹੈਲਥਕੇਅਰ ਮੋਹਾਲੀ (900 ਕਰੋੜ), ਅੰਬਰ ਐਂਟਰਪ੍ਰਾਈਜ਼ਿਜ਼ (500 ਕਰੋੜ), ਇੰਫੋਸਿਸ (285 ਕਰੋੜ) ਅਤੇ ਟੋਪਨ ਸਪੈਸ਼ਲਿਟੀ ਫਿਲਮਜ਼ (300-400 ਕਰੋੜ) ਵਰਗੀਆਂ ਕੰਪਨੀਆਂ ਵੀ ਵੱਡਾ ਨਿਵੇਸ਼ ਕਰ ਰਹੀਆਂ ਹਨ।
ਉਦਯੋਗ ਮੰਤਰੀ ਨੇ ਐਲਾਨ ਕੀਤਾ ਕਿ ਛੇਵਾਂ ‘ਪ੍ਰੋਗਰੈਸਿਵ ਪੰਜਾਬ’ ਇਨਵੈਸਟਰ ਸਮਿਟ 13 ਤੋਂ 15 ਮਾਰਚ, 2026 ਤੱਕ ਮੋਹਾਲੀ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਉਮੀਦ ਜਤਾਈ ਕਿ ਇਸ ਸੰਮੇਲਨ ਨਾਲ ਰਾਜ ਦੇ ਉਦਯੋਗਿਕ ਮਾਹੌਲ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ।
ਅਰੋੜਾ ਨੇ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਜਪਾਨ ਅਤੇ ਦੱਖਣੀ ਕੋਰੀਆ ਦੇ ਕੀਤੇ ਗਏ ਸਰਕਾਰੀ ਦੌਰੇ ਬਹੁਤ ਸਫਲ ਰਹੇ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੱਡੇ ਪੱਧਰ ’ਤੇ ਵਿਦੇਸ਼ੀ ਨਿਵੇਸ਼ ਆਉਣ ਦੀ ਪੂਰੀ ਉਮੀਦ ਹੈ।

