ਸਕੂਲ ’ਚ ਬੇਨੇਮੀਆਂ ਦੀ ਜਾਂਚ ਸ਼ੁਰੂ
ਸਿੱਖਿਆ ਵਿਭਾਗ ਦੀ ਜਾਂਚ ਕਮੇਟੀ ਵੱਲੋਂ ਅਧਿਕਾਰੀਆਂ ਨਾਲ ਚਰਚਾ; ਸਕੂਲ ਦਾ ਮਾਮਲਾ ਅਦਾਲਤ ਪੁੱਜਾ; ਸੁਣਵਾਈ ਅਗਲੇ ਹਫ਼ਤੇ
ਇੱਥੇ ਸੈਕਟਰ 35 ਵਿੱਚ ਸਥਿਤ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕਾਂ ਤੇ ਸਟਾਫ ਨੂੰ ਨੌਕਰੀਓਂ ਕੱਢਣ, ਅਦਾਲਤੀ ਹੁਕਮਾਂ ਦਾ ਪਾਲਣ ਨਾ ਕਰਨ ਅਤੇ ਸਰਕਾਰੀ ਸਹਾਇਤਾ ਦੀ ਵੰਡ ਨਾ ਕਰਨ ਦੇ ਮਾਮਲੇ ’ਤੇ ਸਿੱਖਿਆ ਵਿਭਾਗ ਨੇ ਨਵੇਂ ਸਿਰੇ ਤੋਂ ਜਾਂਚ ਕਮੇਟੀ ਬਣਾ ਦਿੱਤੀ ਹੈ ਤੇ ਇਸ ਕਮੇਟੀ ਵੱਲੋਂ ਸਕੂਲ ਦਾ ਰਿਕਾਰਡ ਜਾਂਚਿਆ ਗਿਆ। ਉਧਰ, ਇਸ ਸਕੂਲ ਦਾ ਮਾਮਲਾ ਅਦਾਲਤ ਵਿਚ ਪੁੱਜ ਗਿਆ ਹੈ, ਜਿਸ ਬਾਰੇ ਮਾਰਚ ਦੇ ਦੂਜੇ ਹਫ਼ਤੇ ਸੁਣਵਾਈ ਹੋਵੇਗੀ।
ਸਿੱਖਿਆ ਵਿਭਾਗ ਤੇ ਹੋਰ ਅਧਿਕਾਰੀਆਂ ਨੂੰ ਕੀਤੀਆਂ ਸ਼ਿਕਾਇਤਾਂ ਵਿਚ ਸਕੂਲ ਦੇ ਅਧਿਆਪਕਾਂ ਨੇ ਦੋਸ਼ ਲਾਇਆ ਸੀ ਕਿ ਇਸ ਸਕੂਲ ਦਾ ਫੰਡ ਕਿਸੇ ਹੋਰ ਖਾਤੇ ਵਿਚ ਟਰਾਂਸਫਰ ਕਰਵਾ ਲਿਆ ਗਿਆ ਸੀ, ਪਰ ਇਹ ਫੰਡ ਵਾਪਸ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਪੈਸੇ ਦਾ ਹਿਸਾਬ ਦਿੱਤਾ ਗਿਆ। ਇਸ ਪੈਸੇ ਦੀ ਅਣਹੋਂਦ ਕਾਰਨ ਸਕੂਲ ਦੀਆਂ ਦੇਣਦਾਰੀਆਂ ਪ੍ਰਭਾਵਿਤ ਹੋਈਆਂ।
ਸਭ ਕੁਝ ਪਾਰਦਰਸ਼ੀ; ਕੁਝ ਵੀ ਗ਼ਲਤ ਨਹੀਂ ਹੋਇਆ: ਮੈਨੇਜਰ
ਸਕੂਲ ਦੇ ਮੈਨੇਜਰ ਚਰਨਜੀਤ ਸਿੰਘ ਨੇ ਕਿਹਾ ਕਿ ਕੁਝ ਅਧਿਆਪਕਾਂ ਵੱਲੋਂ ਬੇਲੋੜੇ ਦੋਸ਼ ਲਾਏ ਗਏ ਹਨ, ਪਰ ਸਕੂਲ ਵਿਚ ਕੁਝ ਵੀ ਬੇਨੇਮੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਕੂਲ ਨੇ ਅਧਿਆਪਕਾਂ ਤੋਂ ਹਲਫਨਾਮੇ ਮੰਗੇ ਹਨ ਤੇ ਕੁਝ ਦੇ ਹਲਫ਼ਨਾਮੇ ਆਉਣੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਸਿੱਖਿਆ ਵਿਭਾਗ ਦੀ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਨੇ ਸਕੂਲ ਦਾ ਨਾਂ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਹੈ, ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਜਾਵੇਗਾ। ਡਾਇਰੈਕਟਰ ਸਕੂਲ ਐਜ਼ੂਕੇਸ਼ਨ ਨਿਤਿਸ਼ ਸਿੰਗਲਾ ਨੇ ਦੱਸਿਆ ਕਿ ਜਾਂਚ ਕਮੇਟੀ ਨੇ ਸਕੂਲ ਦੀ ਜਾਂਚ ਕੀਤੀ ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

