ਕੌਮਾਂਤਰੀ ਡੈਲੀਗੇਟਾਂ ਵਲੋਂ ਸਿੰਘਪੁਰਾ ਦਾ ਦੌਰਾ
ਸਿੰਘਪੁਰਾ ਦੇ ਜਲਘਰ ਤੇ ਸੀਰਵੇਜ ਸਣੇ ਹੋਰ ਪ੍ਰਬੰਧ ਦੇਖੇ; ਪਿੰਡ ਵਾਸੀਆਂ ਦੇ ਸਹਿਯੋਗ ਨੂੰ ਸਲਾਹਿਆ
ਪਿੰਡ ਸਿੰਘਪੁਰਾ ਦੇ ਪੀਣ ਵਾਲੇ ਪਾਣੀ ਤੇ ਸੀਰਵੇਜ ਆਦਿ ਦੇ ਪ੍ਰਬੰਧ ਦੇਖਣ ਲਈ ਵੱਖ ਵੱਖ ਦੇਸ਼ਾਂ ਤੇ ਰਾਜਾਂ ਦੇ ਡੈਲੀਗੇਂਟਾਂ ਦੀ ਟੀਮ ਨੇ ਅੱਜ ਪਿੰਡ ਦਾ ਦੌਰਾ ਕੀਤਾ।
ਕੇਂਦਰ ਸਰਕਾਰ ਦੇ ਨੈਸ਼ਨਲ ਡਿਫੈਂਸ ਕਾਲਜ ਦੇ ਅਧਿਕਾਰੀਆਂ ਸਮੇਤ ਵਿਦੇਸ਼ੀ ਡੈਲੀਗੇਟਾਂ ਦੀ ਟੀਮ ਅੱਜ ਪਿੰਡ ਵਿੱਚ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਉਚੇਚੇ ਤੌਰ ’ਤੇ ਪਿੰਡ ਸਿੰਘਪੁਰਾ ਵਿਖੇ ਪੁੱਜੀ। ਬੰਗਲਾਦੇਸ਼ ਫੌਜ ਦੇ ਅਧਿਕਾਰੀ ਆਰਿਫ਼ ਅਹਿਮਦ, ਮਿਸਰ ਦੇ ਅਧਿਕਾਰੀ ਅਸ਼ਰਫ਼ ਹੁਸੈਨ ਮੁਹੰਮਦ, ਇੰਡੋਨੇਸ਼ੀਆ ਦੇ ਨੂਰਦੀਨ, ਨੇਪਾਲ ਦੇ ਬਸੰਤਾ ਗੌਤਮ ਤੇ ਮਲੇਸ਼ੀਆ ਦੇ ਮੁਹੰਮਦ ਆਜ਼ਰੀਨ ਬਿਨ ਹੁਸੈਨ ਆਦਿ ਵਿਦੇਸ਼ੀ ਡੈਲੀਗੇਟਾਂ ਤੋਂ ਇਲਾਵਾ ਦਰਜ਼ਨ ਕੁ ਭਾਰਤੀ ਅਧਿਕਾਰੀਆਂ ਤੇ ਡੈਲੀਗੇਟਾਂ ਦੀ ਟੀਮ ਦਾ ਪੰਚਾਇਤ ਤੇ ਪਤਵੰਤਿਆਂ ਨੇ ਪ੍ਰਿੰਸੀਪਲ ਕੁਲਦੀਪ ਸਿੰਘ ਦੀ ਅਗਵਾਈ ’ਚ ਸਵਾਗਤ ਕੀਤਾ। ਟੀਮ ਦੇ ਮੈਂਬਰਾਂ ਨੇ ਪਿੰਡ ਦੇ ਵਸਨੀਕਾਂ ਨਾਲ ਰਾਬਤਾ ਕਾਇਮ ਕਰਦਿਆਂ ਪਿੰਡ ਵਿੱਚ ਮਿਲ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਉਸ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਸਬੰਧੀ ਜਾਣਕਾਰੀ ਲਈ। ਉਨ੍ਹਾਂ ਪਾਣੀ ਦੀ ਬੱਚਤ ਤੇ ਸੀਵਰੇਜ ਦੇ ਦੂਸ਼ਿਤ ਪਾਣੀ ਨੂੰ ਸਾਫ਼ ਕਰਨ ਦੇ ਪ੍ਰਬੰਧ ਵੀ ਦੇਖੇ। ਟੀਮ ਵਿੱਚ ਸ਼ਾਮਿਲ ਪ੍ਰਤੀਨਿਧਾਂ ਤੇ ਅਧਿਕਾਰੀਆਂ ਨੇ ਜਲਘਰ ਦਾ ਦੌਰਾ ਵੀ ਕੀਤਾ। ਪਿੰਡ ਦੀ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਤੇ ਸਰਪੰਚ ਪ੍ਰਿੰਸੀਪਲ ਕੁਲਦੀਪ ਸਿੰਘ ਤੇ ਗੁਰਨਾਮ ਸਿੰਘ ਨੇ ਪੀਣ ਵਾਲੇ ਪਾਣੀ, ਸੀਵਰੇਜ ਅਤੇ ਸਫਾਈ ਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਸਿੰਘਪੁਰਾ ਵਾਸੀਆਂ ਦੀ ਭਾਗੀਦਾਰੀ, ਪੰਚਾਇਤ ਅਤੇ ਜਲ ਸਲਪਾਈ ਤੇ ਸੈਨੀਟੇਸ਼ਨ ਕਮੇਟੀ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਹਰ ਪਿੰਡ ਵਿੱਚ ਅਜਿਹੇ ਉਪਰਾਲੇ ਹੋਣੇ ਸਮੇਂ ਦੀ ਲੋੜ ਹੈ।

