ਅੰਤਰ-ਰਾਜੀ ਚੋਰ ਗਰੋਹ ਦਾ ਪਰਦਾਫਾਸ਼
ਪੱਤਰ ਪ੍ਰੇਰਕ
ਚੰਡੀਗੜ੍ਹ, 27 ਜੂਨ
ਚੰਡੀਗੜ੍ਹ ਪੁਲੀਸ ਦੇ ਅਪ੍ਰੇਸ਼ਨ ਸੈੱਲ ਨੇ ਯੂਟੀ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਰਗਰਮ ਆਟੋ ਰਿਕਸ਼ਾ ਚੋਰ ਗਰੋਹ ਮੁੰਨਾ ਗੈਂਗ ਦਾ ਪਰਦਾਫਾਸ਼ ਕਰਦਿਆਂ ਇੱਕ ਖ਼ਰੀਦਦਾਰ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੈਂਗ ਦਾ ਮੁੱਖ ਸਰਗਨਾ ਮਨੋਜ ਠਾਕੁਰ ਉਰਫ਼ ਮੁੰਨਾ, ਨਵਨੀਤ ਪ੍ਰਤਾਪ ਸਿੰਘ, ਅਸਲਮ ਅਤੇ ਜੈਪ੍ਰਕਾਸ਼ ਉਰਫ ਬੇਤੀਆ ਵਜੋਂ ਹੋਈ ਹੈ।
ਐੱਸਪੀ ਗੀਤਾਂਜਲੀ ਖੰਡੇਲਵਾਲ ਨੇ ਦੱਸਿਆ ਕਿ ਅਪਰੇਸ਼ਨ ਸੈੱਲ ਦੀਆਂ ਟੀਮਾਂ ਨੇ ਮਨੀਮਾਜਰਾ ਦੇ ਸਪੋਰਟਸ ਕੰਪਲੈਕਸ ਨੇੜੇ ਸੜਕ ਤੋਂ ਮਨੋਜ ਠਾਕੁਰ, ਨਵਨੀਤ ਪ੍ਰਤਾਪ ਸਿੰਘ ਅਤੇ ਸੈਕਟਰ-26 ਵਿੱਚੋਂ ਅਸਲਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁੱਛਗਿੱਛ ਉਪਰੰਤ ਟੀਮ ਨੇ ਲੁਧਿਆਣਾ ਵਿਖੇ ਛਾਪਾ ਮਾਰ ਕੇ ਜੈਪ੍ਰਕਾਸ਼ ਉਰਫ ਬੇਤੀਆ ਨਿਵਾਸੀ ਨਿਊ ਸਮਾਰਟ ਕਲੋਨੀ, ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ।
ਜਾਣਕਾਰੀ ਮੁਤਾਬਕ ਇਸ ਗ੍ਰਿਫ਼ਤਾਰੀ ਕੇਸ ਵਿੱਚ 11 ਮਾਮਲਿਆਂ ਦੀ ਜਾਂਚ ਕੀਤੀ ਗਈ ਹੈ। ਇਸ ਉਪਰੰਤ ਤਿੰਨ ਕਾਰਾਂ, ਤਿੰਨ ਸਕੂਟਰ, ਪੰਜ ਮੋਟਰਸਾਈਕਲ, ਅੱਠ ਬੈਟਰੀਆਂ ਸਣੇ ਚੋਰੀ ਹੋਏ ਵਾਹਨਾਂ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।