Chandigarh ਦੇ ਸਕੂਲਾਂ ਵਿੱਚ ਕਾਰ ਪੂਲਿੰਗ ਲਈ ਚਾਰਾਜੋਈ ਕਰਨ ਦੇ ਨਿਰਦੇਸ਼: DC ਦੀ ਐਡਵਾਇਜ਼ਰੀ
ਕਾਰ ਪੂਲਿੰਗ ਅਪਣਾਉਣ ਨਾਲ ਟਰੈਫਿਕ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ; ਡੀਸੀ
ਚੰਡੀਗੜ੍ਹ ਵਿੱਚ ਸਕੂਲਾਂ ਦੇ ਬਾਹਰ ਲੱਗਣ ਵਾਲੇ ਟਰੈਫਿਕ ਜਾਮ ਨੂੰ ਘੱਟ ਕਰਨ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਵਧਾਉਣ ਲਈ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨੇ ਕਾਰ ਪੂਲਿੰਗ ਲਈ ਚਾਰਾਜੋਈ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਹੋਰ ਰਾਹ ਤਲਾਸ਼ਣ ਲਈ ਕਿਹਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਚੇਅਰਮੈਨ ਵੱਲੋਂ ਜਾਰੀ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਸਕੂਲ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਾਰ ਪੂਲਿੰਗ (ਵਾਹਨ ਸਾਂਝਾ ਕਰਨ) ਲਈ ਪ੍ਰੇਰਿਤ ਕਰਨ, ਤਾਂ ਜੋ ਸਕੂਲ ਕੈਂਪਸ ਅਤੇ ਆਲੇ-ਦੁਆਲੇ ਵਾਹਨਾਂ ਦੀ ਗਿਣਤੀ ਘਟਾਈ ਜਾ ਸਕੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲਿਆਉਣ ਅਤੇ ਲਿਜਾਉਣ ਲਈ ਕਾਰ ਪੂਲਿੰਗ ਕੀਤੇ ਜਾਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ।
ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਐਡਵਾਇਜ਼ਰੀ ਜਾਰੀ ਕਰਦਿਆਂ ਦੱਸਿਆ ਕਿ ਸਕੂਲ ਖੁੱਲ੍ਹਣ ਅਤੇ ਛੁੱਟੀ ਵੇਲੇ ਵੱਡੀ ਗਿਣਤੀ ਵਿੱਚ ਨਿਜੀ ਵਾਹਨ ਸਕੂਲਾਂ ਦੇ ਬਾਹਰ ਪਹੁੰਚਦੇ ਹਨ, ਜਿਸ ਨਾਲ ਟਰੈਫਿਕ ਜਾਮ ਦੀ ਸਥਿਤੀ ਬਣ ਜਾਂਦੀ ਹੈ। ਕਾਰ ਪੂਲਿੰਗ ਅਪਣਾਉਣ ਨਾਲ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਇਸ ਸਬੰਧੀ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨੇ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇੱਕੋ ਇਲਾਕੇ ਜਾਂ ਆਸਪਾਸ ਰਹਿਣ ਵਾਲੇ ਵਿਦਿਆਰਥੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਹਿਮਤੀ ਨਾਲ ਕਾਰ ਪੂਲਿੰਗ ਗਰੁੱਪ ਬਣਾਉਣ। ਇਸ ਤੋਂ ਇਲਾਵਾ, ਮਾਪਿਆਂ ਨੂੰ ਇਸ ਵਿਵਸਥਾ ਦੇ ਫਾਇਦੇ ਦੱਸਣ ਲਈ ਸਕੂਲ ਵੱਲੋਂ ਸਰਕੂਲਰ ਜਾਰੀ ਕੀਤਾ ਜਾਵੇ ਅਤੇ ਮਾਪੇ-ਅਧਿਆਪਕ ਮੀਟਿੰਗ (PTM) ਵਿੱਚ ਵੀ ਇਸ ਬਾਰੇ ਜਾਗਰੂਕ ਕੀਤਾ ਜਾਵੇ।
ਕਮੇਟੀ ਦਾ ਕਹਿਣਾ ਹੈ ਕਿ ਕਾਰ ਪੂਲਿੰਗ ਦੇ ਕਈ ਵੱਡੇ ਫਾਇਦੇ ਹੋਣਗੇ। ਇਸ ਨਾਲ ਸਕੂਲਾਂ ਦੇ ਬਾਹਰ ਵਾਹਨਾਂ ਦੀ ਭੀੜ ਘੱਟ ਹੋਵੇਗੀ, ਜਿਸ ਨਾਲ ਬੱਚਿਆਂ ਦੀ ਸੁਰੱਖਿਆ ਵਧੇਗੀ। ਇਸ ਵਿਵਸਥਾ ਨਾਲ ਪੈਟਰੋਲ-ਡੀਜ਼ਲ ਦੀ ਬੱਚਤ ਹੋਵੇਗੀ, ਪ੍ਰਦੂਸ਼ਣ ਘੱਟ ਹੋਵੇਗਾ ਅਤੇ ਟਰੈਫਿਕ ਜਾਮ ਦੀ ਸਮੱਸਿਆ ਵੀ ਘਟੇਗੀ। ਨਾਲ ਹੀ, ਮਾਪਿਆਂ ਦਾ ਆਉਣ-ਜਾਣ ਦਾ ਖਰਚਾ ਅਤੇ ਸਮਾਂ ਦੋਵੇਂ ਬਚਣਗੇ। ਚੰਡੀਗੜ੍ਹ ਦੇ ਸਾਰੇ ਸਕੂਲਾਂ ਨੂੰ ਇਹਨਾਂ ਪ੍ਰਬੰਧਾਂ ਦੀ ਰਿਪੋਰਟ ਜਲਦੀ ਹੀ ਕਮੇਟੀ ਨੂੰ ਭੇਜਣ ਲਈ ਕਿਹਾ ਗਿਆ ਹੈ।

