ਬਲੌਂਗੀ ਦੇ ਆਂਗਣਵਾੜੀ ਕੇਂਦਰਾਂ ਦੀ ਜਾਂਚ
ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਬਲੌਂਗੀ ਖੇਤਰ ਦੀਆਂ ਆਂਗਨਵਾੜੀਆਂ ਦਾ ਨਿਰੀਖਣ ਕੀਤਾ। ਆਜ਼ਾਦ ਨਗਰ ਵਿੱਚ ਆਂਗਣਵਾੜੀ ਕੇਂਦਰ ਨਿਰਧਾਰਤ ਜਗ੍ਹਾ ’ਤੇ ਨਾ ਹੋਣ ਦਾ ਗੰਭੀਰ ਨੋਟਿਸ ਲਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਆਂਗਣਵਾੜੀ ਵਰਕਰ ਸੁਮਨ...
ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਬਲੌਂਗੀ ਖੇਤਰ ਦੀਆਂ ਆਂਗਨਵਾੜੀਆਂ ਦਾ ਨਿਰੀਖਣ ਕੀਤਾ। ਆਜ਼ਾਦ ਨਗਰ ਵਿੱਚ ਆਂਗਣਵਾੜੀ ਕੇਂਦਰ ਨਿਰਧਾਰਤ ਜਗ੍ਹਾ ’ਤੇ ਨਾ ਹੋਣ ਦਾ ਗੰਭੀਰ ਨੋਟਿਸ ਲਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਆਂਗਣਵਾੜੀ ਵਰਕਰ ਸੁਮਨ ਪਾਲ ਅਤੇ ਹੈਲਪਰ ਕੁੰਦਨ ਦੇਵੀ ਅਧਿਕਾਰਤ ਇਮਾਰਤ ਦੀ ਅਣਹੋਂਦ ਕਾਰਨ ਹੈਲਪਰ ਦੇ ਘਰ ਤੋਂ ਕੇਂਦਰ ਚਲਾ ਰਹੀਆਂ ਸਨ। ਇਹ ਵੀ ਦੇਖਿਆ ਗਿਆ ਕਿ ਮਾਪੇ ਆਪਣੇ ਬੱਚਿਆਂ ਨੂੰ ਕੇਂਦਰ ਵਿੱਚ ਨਹੀਂ ਭੇਜ ਰਹੇ ਸਨ ਅਤੇ ਆਂਗਣਵਾੜੀ ਸਮੱਗਰੀ ਅਤੇ ਸਪਲਾਈ ਸਟੋਰ ਕਰਨ ਲਈ ਕੋਈ ਢੁਕਵੀਂ ਜਗ੍ਹਾ ਨਹੀਂ ਸੀ।
ਸਾਬਕਾ ਪੰਚ ਲਾਲ ਬਹਾਦਰ ਨੇ ਕਮਿਸ਼ਨ ਦੇ ਮੈਂਬਰ ਨੂੰ ਦੱਸਿਆ ਕਿ ਕੇਂਦਰ ਲਈ ਜ਼ਮੀਨ ਅਸਲ ਵਿੱਚ ਦਲੀਪ ਸਿੰਘ ਤੋਂ ਪ੍ਰਾਪਤ ਕਰ ਕੇ ਪੰਚਾਇਤ ਨੂੰ ਸੌਂਪ ਦਿੱਤੀ ਸੀ। ਬਾਅਦ ਵਿੱਚ ਇਸ ਨੂੰ ਆਂਗਣਵਾੜੀ ਦੇ ਉਦੇਸ਼ਾਂ ਲਈ ਅਲਾਟ ਕਰ ਦਿੱਤਾ ਸੀ। ਹੁਣ ਇਸ ਜਗ੍ਹਾ ਨੂੰ ਗ਼ੈਰ-ਕਾਨੂੰਨੀ ਤੌਰ ’ਤੇ ਜਿੰਦਰਾ ਲਗਾ ਦਿੱਤਾ ਗਿਆ ਹੈ। ਸ੍ਰੀ ਦੱਤ ਨੇ ਤੁਰੰਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਤੁਰੰਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਤੇ ਸੱਤ ਦਿਨਾਂ ’ਚ ਰਿਪੋਰਟ ਜਮ੍ਹਾਂ ਕਰਾਉਣ ਲਈ ਕਿਹਾ।
ਉਨ੍ਹਾਂ ਬਲੌਂਗੀ ਖੇਤਰ ਦੇ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਹਾਈ ਸਕੂਲ ਅਤੇ ਹੋਰ ਆਂਗਣਵਾੜੀ ਕੇਂਦਰਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਅਤੇ ਸਟਾਫ਼ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਉਪਬੰਧਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

