DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Indian Army new uniform: ਬਦਲ ਗਿਆ ਭਾਰਤੀ ਸੈਨਾ ਦਾ ਪਹਿਰਾਵਾ: ਮੁੱਛਾਂ- ਹੇਅਰਕੱਟ ਨੂੰ ਲੈ ਕੇ ਵੀ ਨਵੇਂ ਨਿਯਮ; ਦਸਤਾਰ ਅਤੇ ਕਕਾਰ ਸਬੰਧੀ ਪਹਿਲਾਂ ਵਾਂਗ ਹੀ ਵਿਸ਼ੇਸ਼ ਛੋਟ

‘ਆਰਮੀ ਯੂਨੀਫਾਰਮਜ਼-2026’ ਨਵੀਂ ਨਿਯਮਾਵਲੀ ਲਾਗੂ; ਮੁੱਛਾਂ ਦਾ ਆਕਾਰ ਤੈਅ, ਮਹਿਲਾ ਅਧਿਕਾਰੀਆਂ ਲਈ ਮੇਕਅੱਪ ਤੇ ਪਹਿਰਾਵੇ ਦੇ ਨਿਯਮ ਸਖ਼ਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭਾਰਤੀ ਸੈਨਾ ਨੇ ਆਪਣੀ ਵਰਦੀ (ਡਰੈੱਸ ਕੋਡ) ਅਤੇ ਰਹਿਣ-ਸਹਿਣ (ਗਰੂਮਿੰਗ) ਦੇ ਨਿਯਮਾਂ ਵਿੱਚ ਇੱਕ ਬਹੁਤ ਵੱਡਾ ਅਤੇ ਇਤਿਹਾਸਕ ਬਦਲਾਅ ਕੀਤਾ ਹੈ। ਸੈਨਾ ਵੱਲੋਂ ਜਾਰੀ ਕੀਤੀ ਗਈ 174 ਪੰਨਿਆਂ ਦੀ ਨਵੀਂ ਨਿਯਮਾਵਲੀ ‘ਆਰਮੀ ਯੂਨੀਫਾਰਮਜ਼-2026’ ਤਹਿਤ ਅੰਗਰੇਜ਼ ਸ਼ਾਸਨਕਾਲ (ਬ੍ਰਿਟਿਸ਼ ਦੌਰ) ਤੋਂ ਚੱਲੀਆਂ ਆ ਰਹੀਆਂ ਕਈ ਰਵਾਇਤਾਂ ਅਤੇ ਪ੍ਰਤੀਕਾਂ ਨੂੰ ਹਮੇਸ਼ਾ ਲਈ ਹਟਾ ਦਿੱਤਾ ਗਿਆ ਹੈ। ਭਾਰਤੀ ਫ਼ੌਜ ਦਾ ਕਹਿਣਾ ਹੈ ਕਿ ਇਨ੍ਹਾਂ ਸੁਧਾਰਾਂ ਦਾ ਮੁੱਖ ਮਕਸਦ ਬਸਤੀਵਾਦੀ ਮਾਨਸਿਕਤਾ ਦੇ ਚਿੰਨ੍ਹਾਂ ਨੂੰ ਖ਼ਤਮ ਕਰਕੇ ਭਾਰਤੀ ਸੈਨਿਕ ਪਰੰਪਰਾਵਾਂ, ਕਦਰਾਂ-ਕੀਮਤਾਂ ਅਤੇ ਦੇਸ਼ ਦੀ ਬਦਲਦੀ ਰਾਸ਼ਟਰੀ ਪਛਾਣ ਨੂੰ ਮਜ਼ਬੂਤੀ ਨਾਲ ਉਭਾਰਨਾ ਹੈ।

ਇਸ ਨਵੀਂ ਨਿਯਮਾਵਲੀ ਦੇ ਅਨੁਸਾਰ, ਹੁਣ ਫ਼ੌਜ ਦੇ ਉੱਚ ਅਧਿਕਾਰੀ ਰਸਮੀ ਸਮਾਗਮਾਂ (ਫਾਰਮਲ ਡਰੈੱਸ) ਦੌਰਾਨ ਬੰਦ ਗਲੇ ਵਾਲੀ ‘ਬੰਡੀ ਜੈਕਟ’ ਪਹਿਨ ਸਕਣਗੇ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪਰੰਪਰਾਗਤ ਭਾਰਤੀ ਪਹਿਰਾਵੇ ਨੂੰ ਅਧਿਕਾਰਤ ਫ਼ੌਜੀ ਵਰਦੀ ਦਾ ਹਿੱਸਾ ਬਣਾਇਆ ਗਿਆ ਹੈ। ਅਧਿਕਾਰਤ ਨਿਰਦੇਸ਼ਾਂ ਮੁਤਾਬਕ ਅਫ਼ਸਰਾਂ ਨੂੰ ਬੰਦਗਲਾ, ਲਾਊਂਜ ਸੂਟ, ਕੰਬੀਨੇਸ਼ਨ ਡਰੈੱਸ ਜਾਂ ਟਾਈ-ਸ਼ਰਟ ਦੇ ਨਾਲ ਵੀ ਬੰਡੀ ਪਹਿਨਣ ਦੀ ਖੁੱਲ੍ਹ ਹੋਵੇਗੀ, ਜਿਸ ਦੇ ਰੰਗ ਅਤੇ ਡਿਜ਼ਾਈਨ ਦੇ ਮਾਪਦੰਡ ਤੈਅ ਕੀਤੇ ਗਏ ਹਨ।

Advertisement

ਪਰੇਡ ਦੌਰਾਨ ਤਲਵਾਰ ਦੀ ਸ਼ਰਤ ਖ਼ਤਮ, ਸ਼ਬਦਾਵਲੀ ’ਚੋਂ ਹਟਿਆ ‘ਰੌਇਲ’

ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਪਰੇਡਾਂ ਅਤੇ ਹੋਰਨਾਂ ਫ਼ੌਜੀ ਸਮਾਰੋਹਾਂ ਦੇ ਨਿਯਮ ਵੀ ਬਦਲ ਦਿੱਤੇ ਗਏ ਹਨ। ਹੁਣ ਪਰੇਡ ਦਾ ਨਿਰੀਖਣ ਕਰਨ ਵਾਲੇ ਸੀਨੀਅਰ ਸੈਨਿਕ ਅਧਿਕਾਰੀਆਂ ਲਈ ਹੱਥ ਵਿੱਚ ਤਲਵਾਰ ਲੈ ਕੇ ਚੱਲਣਾ ਲਾਜ਼ਮੀ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਕਈ ਵਰਦੀਆਂ ਦੇ ਨਾਲ ਪਹਿਨੀ ਜਾਣ ਵਾਲੀ ਰਵਾਇਤੀ 'ਪਾਊਚ ਬੈਲਟ' ਨੂੰ ਵੀ ਹਟਾ ਦਿੱਤਾ ਗਿਆ ਹੈ, ਹਾਲਾਂਕਿ ਕੁਝ ਖ਼ਾਸ ਰੈਜੀਮੈਂਟਲ ਪ੍ਰੋਗਰਾਮਾਂ ਵਿੱਚ ਇਸ ਦੀ ਵਰਤੋਂ ਹੁੰਦੀ ਰਹੇਗੀ।

Advertisement

ਸੈਨਾ ਨੇ ਸਾਰੇ ਰੈਂਕਾਂ ਦੇ ਜਵਾਨਾਂ ਲਈ ਸਰਦੀਆਂ ਦੀ ਇੱਕ ਨਵੀਂ ਵਿਹਾਰਕ ਵਰਦੀ ਸ਼ੁਰੂ ਕੀਤੀ ਹੈ, ਜਿਸ ਨੂੰ 'ਡਰੈੱਸ 3B' ਦਾ ਨਾਮ ਦਿੱਤਾ ਗਿਆ ਹੈ; ਇਸ ਵਿੱਚ ਅੰਗੋਲਾ ਸ਼ਰਟ, ਬੈਟਲ ਜੈਕਟ ਅਤੇ ਬੇਰੇਟ (ਗੋਲ ਟੋਪੀ) ਸ਼ਾਮਲ ਹੈ। ਵਰਦੀ ਦੇ ਨਾਲ-ਨਾਲ ਬਸਤੀਵਾਦੀ ਦੌਰ ਦੀ ਯਾਦ ਦਿਵਾਉਣ ਵਾਲੀ ਸ਼ਬਦਾਵਲੀ ਨੂੰ ਵੀ ਬਦਲਿਆ ਗਿਆ ਹੈ, ਜਿਸ ਤਹਿਤ ‘ਰੌਇਲ’ ਵਰਗੇ ਸ਼ਬਦਾਂ ਨੂੰ ਫ਼ੌਜੀ ਕੋਸ਼ ਵਿੱਚੋਂ ਖ਼ਾਰਜ ਕਰ ਦਿੱਤਾ ਗਿਆ ਹੈ। ਸੈਨਾ ਦੇ ਐਡਜੂਟੈਂਟ ਜਨਰਲ ਲੈਫਟੀਨੈਂਟ ਜਨਰਲ ਵੀ.ਪੀ.ਐੱਸ. ਕੌਸ਼ਿਕ ਨੇ ਕਿਹਾ ਕਿ ਇਹ ਬਦਲਾਅ ਭਾਰਤੀ ਕਦਰਾਂ-ਕੀਮਤਾਂ ਦੇ ਅਨੁਕੂਲ ਹਨ।

ਜਵਾਨਾਂ ਲਈ ਗਰੂਮਿੰਗ ਦੇ ਸਖ਼ਤ ਨਿਯਮ: ਮੁੱਛਾਂ 12 ਸੈਂਟੀਮੀਟਰ ਤੱਕ ਸੀਮਤ

ਫ਼ੌਜੀਆਂ ਦੀ ਨਿੱਜੀ ਸਾਫ਼-ਸਫ਼ਾਈ ਅਤੇ ਸਜਾਵਟ ਨੂੰ ਲੈ ਕੇ ਨਵੇਂ ਨਿਯਮ ਬੇਹੱਦ ਸਖ਼ਤ ਕੀਤੇ ਗਏ ਹਨ:

  • ਟੈਟੂ ਅਤੇ ਬੌਡੀ ਪੀਅਰਸਿੰਗ: ਸਰੀਰ ’ਤੇ ਟੈਟੂ ਖੁਣਵਾਉਣ ਅਤੇ ਕੰਨ-ਨੱਕ ਵਿੰਨ੍ਹਣ ’ਤੇ ਮੁਕੰਮਲ ਪਾਬੰਦੀ ਜਾਰੀ ਰਹੇਗੀ।
  • ਗਹਿਣੇ ਤੇ ਪਰਫਿਊਮ: ਵਰਦੀ ਵਿੱਚ ਬਰੇਸਲੇਟ ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਡਿਓਡੋਰੈਂਟ ਅਤੇ ਪਰਫਿਊਮ ਦੀ ਵਰਤੋਂ ਵਰਜਿਤ ਕਰ ਦਿੱਤੀ ਗਈ ਹੈ, ਹਾਲਾਂਕਿ ਆਫਟਰ-ਸ਼ੇਵ ਲੋਸ਼ਨ ਲਗਾਇਆ ਜਾ ਸਕਦਾ ਹੈ।
  • ਮੁੱਛਾਂ ਦਾ ਆਕਾਰ: ਜਵਾਨਾਂ ਦੀਆਂ ਮੁੱਛਾਂ ਦੀ ਲੰਬਾਈ 12 ਸੈਂਟੀਮੀਟਰ ਨਿਰਧਾਰਤ ਕੀਤੀ ਗਈ ਹੈ।
  • ਧਾਰਮਿਕ ਚਿੰਨ੍ਹ: ਸਿੱਖ ਸੈਨਿਕਾਂ ਨੂੰ ਉਨ੍ਹਾਂ ਦੇ ਧਾਰਮਿਕ ਪ੍ਰਤੀਕਾਂ (ਦਸਤਾਰ ਅਤੇ ਕਕਾਰ) ਸਬੰਧੀ ਪਹਿਲਾਂ ਵਾਂਗ ਹੀ ਵਿਸ਼ੇਸ਼ ਛੋਟ ਮਿਲਦੀ ਰਹੇਗੀ। ਬਾਕੀ ਜਵਾਨਾਂ ਨੂੰ ਕੇਵਲ ਧਾਰਮਿਕ ਅਨੁਸ਼ਠਾਨ ਵਾਲੇ ਦਿਨ ਪਵਿੱਤਰ ਧਾਗਾ (ਖੰਮ੍ਹਣੀ/ਜਨੇਊ) ਪਹਿਨਣ ਦੀ ਸੀਮਤ ਖੁੱਲ੍ਹ ਹੋਵੇਗੀ।

ਮਹਿਲਾ ਅਧਿਕਾਰੀਆਂ ਲਈ ਨਵੇਂ ਹੁਕਮ: ਲਿਪਸਟਿਕ ਤੇ ਨੇਲ ਪਾਲਿਸ਼ ’ਤੇ ਰੋਕ

ਮਹਿਲਾ ਸੈਨਿਕ ਅਧਿਕਾਰੀਆਂ ਨੂੰ ਸਾਦੇ ਰੰਗ ਦੀ ਸਾੜ੍ਹੀ ਜਾਂ ਕੁੜਤਾ-ਸਲਵਾਰ ਪਹਿਨਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਪਰ ਬਿਨਾਂ ਬਾਹਾਂ ਵਾਲੇ (ਸਲੀਵਲੇਸ) ਕੁੜਤੇ, ਪਲਾਜ਼ੋ ਅਤੇ ਸਿਗਰੇਟ ਪੈਂਟ ਪਹਿਨਣ ’ਤੇ ਪੂਰੀ ਤਰ੍ਹਾਂ ਰੋਕ ਹੋਵੇਗੀ। ਕਾਸਮੈਟਿਕਸ (ਮੇਕਅੱਪ) ਸਬੰਧੀ ਨਿਯਮਾਂ ਨੂੰ ਹੋਰ ਸਖ਼ਤ ਕਰਦਿਆਂ ਵਰਦੀ ਦੇ ਨਾਲ ਲਿਪਸਟਿਕ, ਰੰਗਦਾਰ ਨੇਲ ਪਾਲਿਸ਼, ਵੱਡੀ ਬਿੰਦੀ ਅਤੇ ਨੋਜ਼ ਪਿਨ (ਕੋਕਾ) ਪਾਉਣ 'ਤੇ ਪਾਬੰਦੀ ਲਗਾਈ ਗਈ ਹੈ। ਵਿਆਹੀਆਂ ਮਹਿਲਾ ਅਧਿਕਾਰੀ ਸਿ਼ੰਦੂਰ ਲਗਾ ਸਕਦੀਆਂ ਹਨ, ਬਸ਼ਰਤੇ ਉਹ ਬੇਰੇਟ ਜਾਂ ਫ਼ੌਜੀ ਕੈਪ ਦੇ ਹੇਠਾਂ ਛਿਪਿਆ ਹੋਣਾ ਚਾਹੀਦਾ ਹੈ ਅਤੇ ਬਾਹਰ ਦਿਖਾਈ ਨਾ ਦੇਵੇ।

Advertisement
×