ਮੁਕੇਸ਼ ਕੁਮਾਰ
ਚੰਡੀਗੜ੍ਹ, 23 ਸਤੰਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸਫ਼ਾਈ ਮਿੱਤਰਾਂ (ਸਫਾਈ ਕਰਮਚਾਰੀਆਂ) ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸ਼ਨਿਚਰਵਾਰ ਨੂੰ ਚਾਰ ਦਿਨਾਂ ‘ਸਫ਼ਾਈ ਮਿੱਤਰ ਸੁਰੱਖਿਆ ਕੈਂਪ ਸ਼ੁਰੂ ਕੀਤਾ ਗਿਆ। ਮੇਅਰ ਅਨੂਪ ਗੁਪਤਾ ਨੇ ਸੈਕਟਰ 38 ਸਥਿਤ ਮਹਿਲਾ ਭਵਨ ਵਿੱਚ ‘ਸਵੱਛਤਾ ਪਖਵਾੜਾ-ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਕਰਵਾਏ ਜਾ ਰਹੇ ਇਸ ਸਮਾਗਮ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਲਈ ਵੱਡੀ ਗਿਣਤੀ ’ਚ ਸਫ਼ਾਈ ਮਿੱਤਰਾਂ ਨੂੰ ਇਸ ਯੋਜਨਾਂ ਨਾਲ ਜੋੜਿਆ ਗਿਆ। ਕੈਂਪ ਦੌਰਾਨ 28 ਸਫ਼ਾਈ ਮਿੱਤਰਾਂ ਦੀ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਯੋਗ ਵਜੋਂ ਪਛਾਣ ਕਰ ਕੇ ਨਾਮ ਦਰਜ ਕਰਵਾਏ ਗਏ। ਸਫ਼ਾਈ ਮਿੱਤਰਾਂ ਦੇ ਕਈ ਪਰਿਵਾਰਕ ਮੈਂਬਰਾਂ ਨੇ ਨਵੇਂ ਬੈਂਕ ਖਾਤੇ ਖੋਲ੍ਹੇ ਅਤੇ ਬਿਲਟ ਇੰਸ਼ੋਰੈਂਸ ਦਾ ਲਾਭ ਉਠਾਇਆ। ਮੇਅਰ ਅਨੂਪ ਗੁਪਤਾ ਨੇ ਧੰਨਵਾਦ ਪ੍ਰਗਟ ਕਰਦਿਆਂ ‘ਸਫ਼ਾਈ ਮਿੱਤਰ ਸੁਰੱਖਿਆ ਕੈਂਪ’ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਸਫ਼ਾਈ ਮਿੱਤਰਾਂ ਦੀ ਨਿਰਸਵਾਰਥ ਸੇਵਾ ਦੀ ਸ਼ਲਾਘਾ ਕੀਤੀ ਜੋ ਸ਼ਹਿਰ ਦੀ ਸੁੰਦਰਤਾ ਅਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਂਦੇ ਹਨ। ਇਸ ਮੌਕੇ ਮੇਅਰ ਅਨੂਪ ਗੁਪਤਾ ਅਤੇ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਇਸ ਮੌਕੇ ਮੌਜੂਦ ਸਾਰੇ ਸਫ਼ਾਈ ਮਿੱਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਨਗਰ ਨਿਗਮ ਨੇ ਸਾਰੇ ਸਫ਼ਾਈ ਮਿੱਤਰਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਵਿਸ਼ੇਸ਼ ਕਾਊਂਟਰ ਵੀ ਸਥਾਪਤ ਕੀਤੇ ਹਨ। ਇਹ ਕਾਊਂਟਰ ਨਿੱਜੀ ਸੁਰੱਖਿਆ ਉਪਕਰਨ ਕਿੱਟਾਂ, ਦਸਤਾਨੇ, ਮਾਸਕ, ਵਰਦੀਆਂ, ਗੁੜ, ਤੇਲ ਅਤੇ ਸਾਬਣ ਕਿੱਟਾਂ ਨਾਲ ਪੂਰੀ ਤਰ੍ਹਾਂ ਲੈਸ ਹਨ, ਜੋ ਉਨ੍ਹਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਸਫ਼ਾਈ ਮਿੱਤਰ ਕੈਂਪ ਦੌਰਾਨ ਇੱਕ ਵਿਸ਼ੇਸ਼ ‘ਰੂਪੀ-ਸਟੋਰ’ ਵੀ ਸਥਾਪਿਤ ਕੀਤਾ ਗਿਆ ਹੈ, ਜੋ ਕਿ ਆਰਆਰਆਰ ਕੇਂਦਰ ਤੋਂ ਪ੍ਰਾਪਤ ਕੀਤੀਆਂ ਆਈਟਮਾਂ ਨੂੰ ਸਫ਼ਾਈ ਮਿੱਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਕ ਰੁਪਏ ਦੀ ਕੀਮਤ ’ਤੇ ਵੇਚਿਆ ਜਾ ਰਿਹਾ ਹੈ।
ਮੇਅਰ ਨੇ ਸੈਕਟਰ 40 ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ
ਚੰਡੀਗੜ੍ਹ (ਖ਼ੇਤਰੀ ਪ੍ਰਤੀਨਿਧ): ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਸੈਕਟਰ 40 ਸੀ ਵਿੱਚ ਸੜਕਾਂ ਦੀ ਕਾਰਪੇਟਿੰਗ ਅਤੇ ਮਾਰਕੀਟ ਵਿੱਚ ਪੇਵਰ ਬਲਾਕਾਂ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ। ਇਲਾਕਾ ਕੌਂਸਲਰ ਰਾਵਤ ਨੇ ਦੱਸਿਆ ਕਿ ਸੈਕਟਰ 40 ਸੀ ਦੀ ਮਾਰਕੀਟ ਵਿੱਚ ਲਗਾਏ ਗਏ ਪੇਵਰ ਬਹੁਤ ਪੁਰਾਣੇ ਅਤੇ ਖਸਤਾ ਹਾਲਤ ਵਿੱਚ ਸਨ ਅਤੇ ਇਨ੍ਹਾਂ ਨੂੰ ਬਦਲਣ ਦੀ ਬਹੁਤ ਲੋੜ ਹੈ। ਇਸਦੇ ਨਾਲ ਹੀ ਸੈਕਟਰ 40 ਸੀ ਵਿੱਚ ਘਰਾਂ ਦੇ ਸਾਹਮਣੇ ਸੜਕਾਂ ਦੀ ਹਾਲਤ ਵੀ ਬਹੁਤ ਮਾੜੀ ਸੀ। ਉਨ੍ਹਾਂ ਦੱਸਿਆ ਕਿ ਇਲਾਕਾ ਵਾਸੀਆਂ ਦੀਆਂ ਇਨ੍ਹਾਂ ਸਮੱਸਿਆਵਾਂ ਅਤੇ ਸਹੂਲਤ ਨੂੰ ਲੈ ਕੇ ਅੱਜ ਇਹ ਦੋਵੇਂ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਇਸ ਮੌਕੇ ਮੇਅਰ ਅਨੂਪ ਗੁਪਤਾ ਨੇ ਸੈਕਟਰ ਦੀ ਮਾਰਕੀਟ ਦੇ ਸਮੂਹ ਵਪਾਰੀਆਂ ਨੂੰ ਕਿਹਾ ਕਿ ਸ਼ਹਿਰ ਦੀਆਂ ਮਾਰਕੀਟਾਂ ਨੂੰ ਸੁਧਾਰਨ ਲਈ ਨਗਰ ਨਿਗਮ ਵੱਲੋਂ ਇਸ ਸਾਲ ਕਰੀਬ 10 ਕਰੋੜ ਰੁਪਏ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜੋ ਕਿ ਇਕ-ਇਕ ਕਰਕੇ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੀਵਾਲੀ ਤੱਕ ਸਾਰੀਆਂ ਮਾਰਕੀਟਾਂ ਵਿੱਚ ਲੋੜੀਂਦੀ ਮੁਰੰਮਤ ਦਾ ਟੀਚਾ ਮਿਥਿਆ ਗਿਆ ਹੈ। ਇਲਾਕਾ ਕੌਂਸਲਰ ਗੁਰਬਕਸ਼ ਕੌਰ ਰਾਵਤ ਨੇ ਮੇਅਰ ਅਨੂਪ ਗੁਪਤਾ ਦਾ ਧੰਨਵਾਦ ਕੀਤਾ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ।