ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਨਵੰਬਰ
ਯੂਟੀ ਪ੍ਰਸ਼ਾਸਨ ਵੱਲੋਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਪ੍ਰਦੁਸ਼ਣ ਮੁਕਤ ਰੱਖਣ ਲਈ ‘ਮਾਡਲ ਈਵੀ ਸਿਟੀ’ ਵਜੋਂ ਵਿਕਸਤ ਕਰਨ ਵਾਸਤੇ ਸ਼ਹਿਰ ਦੇ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਯੂਟੀ ਪ੍ਰਸ਼ਾਸਨ ਸ਼ਹਿਰ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਬੁਨਿਆਦੀ ਢਾਂਚਾ ਵਿਕਸਤ ਕਰਨ ਵਿੱਚ ਨਾਕਾਮ ਰਿਹਾ ਹੈ, ਜਿਸ ਕਰ ਕੇ ਲੋਕਾਂ ਨੂੰ ਸ਼ਹਿਰ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪਹਿਲੇ ਗੇੜ ’ਚ 23 ਚਾਰਜਿੰਗ ਸਟੇਸ਼ਨ ਚਲਾਉਣ ਦਾ ਫੈਸਲਾ ਲਿਆ ਸੀ ਜੋ ਕਿ ਇਕ ਸਾਲ ਬਾਅਦ ਵੀ ਸ਼ੁਰੂ ਨਹੀਂ ਹੋ ਸਕੇ ਹਨ। ਇਹ ਚਾਰਜਿੰਗ ਸਟੇਸ਼ਨ ਨਵੰਬਰ 2022 ਵਿੱਚ ਸਥਾਪਤ ਕੀਤੇ ਗਏ ਸਨ। ਹਾਲਾਂਕਿ, ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦੀ ਹੀ ਇਨ੍ਹਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਸਿਟੀ ਬਿਊਟੀਫੁੱਲ ਵਿੱਚ ਨਿੱਜੀ ਕੰਪਨੀਆਂ ਵੱਲੋਂ ਨੌਂ ਚਾਰਜਿੰਗ ਸਟੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ। ਸ਼ਹਿਰ ਵਿੱਚ ਈਵੀ ਨੀਤੀ ਨੂੰ ਲਾਗੂ ਕਰਨ ਲਈ ਨੋਡਲ ਏਜੰਸੀ ਚੰਡੀਗੜ੍ਹ ਨਵਿਆਉਣਯੋਗ ਊਰਜਾ ਅਤੇ ਵਿਗਿਆਨ ਤੇ ਤਕਨਾਲੋਜੀ (ਕਰੱਸਟ) ਦੇ ਅਧਿਕਾਰੀਆਂ ਦਾ ਦਾਅਵਾ ਸੀ ਕਿ ਚਾਰਜਿੰਗ ਸਟੇਸ਼ਨ ਤਿਆਰ ਹੁੰਦੇ ਸਾਰ ਸ਼ੁਰੂ ਕਰ ਦਿੱਤੇ ਜਾਣਗੇ ਪਰ ਅੱਜ ਸ਼ਹਿਰ ਵਿੱਚ 23 ਚਾਰਜਿੰਗ ਸਟੇਸ਼ਨ ਤਿਆਰ ਹੋਣ ਦੇ ਬਾਵਜੂਦ ਸ਼ਹਿਰ ਵਾਸੀਆਂ ਲਈ ਸ਼ੁਰੂ ਨਹੀਂ ਕੀਤੇ ਗਏ ਹਨ। ਅਜਿਹੇ ਹਾਲਾਤ ਵਿੱਚ ਇਲੈਕਟ੍ਰਿਕ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ 20 ਸਤੰਬਰ 2022 ਨੂੰ ਆਪਣੀ ਇਲੈਕਟ੍ਰਿਕ ਵਹੀਕਲ ਪਾਲਿਸੀ ਨੂੰ ਨੋਟੀਫਾਈ ਕੀਤਾ ਸੀ। ਇਸ ਦਾ ਉਦੇਸ਼ ਚੰਡੀਗੜ੍ਹ ਨੂੰ ਇਕ ‘ਮਾਡਲ ਈਵੀ ਸਿਟੀ’ ਬਣਾਉਣਾ ਸੀ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਨਵੰਬਰ 2022 ਵਿੱਚ ਸ਼ਹਿਰ ਵਿੱਚ ਨੌਂ ਵੱਖ-ਵੱਖ ਥਾਵਾਂ ’ਤੇ 23 ਚਾਰਜਿੰਗ ਸਟੇਸ਼ਨ ਸਥਾਪਤ ਕਰਨ ਲਈ ਕੰਮ ਅਲਾਟ ਕੀਤਾ ਸੀ, ਜਿੱਥੋਂ ਹੌਲੀ ਤੇ ਮੱਧਮ ਚਾਰਜਿੰਗ ਲਈ 8 ਰੁਪਏ ਪ੍ਰਤੀ ਯੂਨਿਟ ਅਤੇ ਤੇਜ਼ ਚਾਰਜਿੰਗ ਲਈ 10 ਰੁਪਏ ਪ੍ਰਤੀ ਯੂਨਿਤ ਅਤੇ ਬੈਟਰੀ ਬਦਲਣ ਲਈ 11 ਰੁਪਏ ਪ੍ਰਤੀ ਯੂਨਿਟ ਕੀਮਮ ਤੈਅ ਕੀਤੀ ਗਈ ਸੀ।
ਯੂਟੀ ਪ੍ਰਸ਼ਾਸਨ ਵੱਲੋਂ ਇਲੈਕਟ੍ਰਿਕ ਵਾਹਨ ਚਲਾਉਣ ਵਾਲਿਆਂ ਦੀ ਸਹੂਲਤ ਲਈ ਚਾਰਜਿੰਗ ਸਟੇਸ਼ਨਾਂ ਵਿੱਚ ਉਪਲਬਧ ਸਮੇਂ ਦੇ ਸਲਾਟ ਬਾਰੇ ਜਾਣਕਾਰੀ ਦੇਣ ਲਈ ਇੱਕ ਮੋਬਾਈਲ ਐਪ ਵੀ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿੱਚ ਵਾਹਨ ਚਾਰਜ ਕਰਨ ਲਈ ਟਾਈਮ ਸਲਾਟ, ਸਟੇਸ਼ਨ ਦੀ ਕਿਸਮ, ਲੋਡ, ਸਥਾਨ ਅਤੇ ਟੈਰਿਫ ਬਾਰੇ ਅਪਡੇਟ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਲੈਕਟ੍ਰਿਕ ਵਹੀਕਲ ਪਾਲਿਸੀ ਤਹਿਤ ਪਹਿਲੇ ਦੋ ਸਾਲਾਂ ਦੌਰਾਨ ਸ਼ਹਿਰ ਵਿੱਚ 100 ਜਨਤਕ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣੇ ਸਨ। ਉਸ ਤੋਂ ਬਾਅਦ ਸ਼ਹਿਰ ’ਚ ਪੈਟਰੋਲ ਪੰਪਾਂ ’ਤੇ ਵੀ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉੱਧਰ, ਯੂਟੀ ਚੰਡੀਗੜ੍ਹ ਦੇ ਚੀਫ਼ ਆਰਕੀਟੈਕਟ ਸੀਬੀ ਓਝਾ ਦਾ ਕਹਿਣਾ ਹੈ ਕਿ ਜਨਤਕ ਖੇਤਰ ਦੇ ਇਨ੍ਹਾਂ ਚਾਰਜਿੰਗ ਸਟੇਸ਼ਨਾਂ ਨੂੰ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।