ਚੰਡੀਗੜ੍ਹ ’ਚ 0001 ਦੇ ਮੁਕਾਬਲੇ 0003 ਨੰਬਰ ਮਹਿੰਗਾ ਵਿਕਿਆ
0003 ਨੰਬਰ 37.63 ਲੱਖ ਅਤੇ 0001 ਨੰਬਰ 23.55 ਲੱਖ ਰੁਪਏ ’ਚ ਨਿਲਾਮ ਹੋਇਆ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕ ਮਹਿੰਗੀਆਂ ਗੱਡੀਆਂ ਅਤੇ ਫੈਂਸੀ ਨੰਬਰ ਰੱਖਣ ਦੇ ਸ਼ੌਂਕੀ ਹਨ। ਉਨ੍ਹਾਂ ਵੱਲੋਂ ਮਹਿੰਗੀਆਂ ਗੱਡੀਆਂ ਦੇ ਨਾਲ-ਨਾਲ ਫੈਂਸੀ ਨੰਬਰ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਹੋਈ ਫੈਂਸੀ ਨੰਬਰਾਂ ਦੀ ਨਿਲਾਮੀ ਵਿੱਚ ਨਵੀਂ ਸੀਰੀਜ਼ ਸੀ ਐੱਚ 01 ਡੀ ਈ ਸੀਰੀਜ਼ ’ਚ 0001 ਦੇ ਮੁਕਾਬਲੇ 0003 ਨੰਬਰ ਮਹਿੰਗਾ ਵਿਕਿਆ ਹੈ। ਇਸ ਵਾਰ 0003 ਨੰਬਰ 37.63 ਲੱਖ ਰੁਪਏ ਅਤੇ 0001 ਨੰਬਰ 23.55 ਲੱਖ ਰੁਪਏ ਵਿੱਚ ਨਿਲਾਮ ਹੋਇਆ। ਹਾਲਾਂਕਿ ਆਮ ਤੌਰ ’ਤੇ 0001 ਨੰਬਰ ਸਭ ਤੋਂ ਮਹਿੰਗਾ ਵਿਕਦਾ ਹੈ, ਪਰ ਪਹਿਲੀ ਵਾਰ ਹੋਵੇਗਾ ਕਿ 0001 ਨੰਬਰ ਨਾਲੋਂ 0003 ਨੰਬਰ ਮਹਿੰਗਾ ਨਿਲਾਮ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੀ ਐੱਚ 01 ਡੀ ਈ ਸੀਰੀਜ਼ ਦਾ 0009 ਨੰਬਰ 12.30 ਲੱਖ ਰੁਪਏ, 0002 ਨੰਬਰ 10.22 ਲੱਖ ਰੁਪਏ, 0005 ਨੰਬਰ 9.86 ਲੱਖ ਰੁਪਏ, 0007 ਨੰਬਰ 9.48 ਲੱਖ ਰੁਪਏ, 0077 ਨੰਬਰ 8.54 ਲੱਖ ਰੁਪਏ, 0008 ਨੰਬਰ 8.14 ਲੱਖ ਰੁਪਏ, 0010 ਨੰਬਰ 7.92 ਲੱਖ ਰੁਪਏ ਅਤੇ 0004 ਨੰਬਰ 6.69 ਲੱਖ ਰੁਪਏ ਵਿੱਚ ਨਿਲਾਮ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਨਵੀਂ ਸੀਰੀਜ਼ ਸੀ ਐੱਚ 01 ਡੀ ਈ ਦੇ 0001 ਤੋਂ 9999 ਤੱਕ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਤੋਂ ਕੁੱਲ 4.13 ਕਰੋੜ ਰੁਪਏ ਕਮਾਏ ਹਨ। ਜਦੋਂ ਕਿ ਪਿਛਲੀ ਵਾਰ ਸੀ ਐੱਚ 01 ਡੀ ਡੀ ਸੀਰੀਜ਼ ਤੋਂ ਯੂ ਟੀ ਪ੍ਰਸ਼ਾਸਨ ਨੇ 4.48 ਕਰੋੜ ਰੁਪਏ ਕਮਾਏ ਸਨ। ਜ਼ਿਕਰਯੋਗ ਹੈ ਕਿ ਮਹਿੰਗੀਆਂ ਗੱਡੀਆਂ ਰੱਖਣ ਦੇ ਸ਼ੌਕੀਨ ਫੈਂਸੀ ਨੰਬਰਾਂ ’ਤੇ ਗੱਡੀ ਤੋਂ ਵੱਧ ਖ਼ਰਚਾ ਕਰਦੇ ਹਨ।

