
ਪਿੰਡ ਬਡਹੇੜੀ ਦੇ ਬਾਹਰ ਲੱਗੇ ਗੰਦਗੀ ਦੇ ਢੇਰ।
ਆਤਿਸ਼ ਗੁਪਤਾ
ਚੰਡੀਗੜ੍ਹ, 5 ਫਰਵਰੀ
ਸਿਟੀ ਬਿਊਟੀਫੁੱਲ ਦਾ ਖਿਤਾਬ ਮੁੜ ਦਿਵਾਉਣ ਲਈ ਯੂਟੀ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਥੋਂ ਦੀ ਜ਼ਮੀਨੀ ਹਕੀਕਤ ਬਿਲਕੁੱਲ ਹੀ ਉਲਟ ਹੈ। ਸ਼ਹਿਰ ਦੇ ਵਾਰਡ ਨੰਬਰ-30 ਅਧੀਨ ਪੈਂਦੇ ਪਿੰਡ ਬਡਹੇੜੀ ਦੇ ਲੋਕਾਂ ਨੂੰ ਗੰਦਗੀ, ਪਾਰਕਿੰਗ ਸਮੱਸਿਆ ਅਤੇ ਨਾਜਾਇਜ਼ ਕਬਜ਼ਿਆਂ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਬਡਹੇੜੀ ਵਿੱਚ ਦਾਖਲ ਹੋਣ ਵਾਲੀਆਂ ਸਾਰੀਆਂ ਸੜਕਾਂ ’ਤੇ ਗੰਦਗੀ ਦੇ ਢੇਰ ਮਿਲੇ। ਇਸ ਦੇ ਨਾਲ ਹੀ ਪਿੰਡ ਦੀਆਂ ਗਲੀਆਂ ਵਿੱਚ ਸੜਕਾਂ ਦੀ ਹਾਲਤ ਖਸਤਾ ਹੈ। ਨਗਰ ਨਿਗਮ ਨੇ ਪਿੰਡ ਦਾ ਦਿੱਖ ਸੁਧਾਰਨ ਲਈ ਇੰਟਰਲਾਕਿੰਗ ਟਾਈਲਾਂ ਲਗਾਈਆਂ ਹਨ ਪਰ ਇਹ ਸਹੀ ਢੰਗ ਨਾਲ ਨਾ ਲੱਗੀਆਂ ਹੋਣ ਕਰਕੇ ਘਾਤਕ ਸਾਬਤ ਹੋ ਰਹੀਆਂ ਹਨ।
ਦੂਜੇ ਪਾਸੇ ਪਿੰਡ ਵਿੱਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਰਕੇ ਦੁਕਾਨਦਾਰਾਂ ਨੇ ਆਪਣਾ ਜ਼ਿਆਦਾਤਰ ਸਾਮਾਨ ਦੁਕਾਨਾਂ ਦੇ ਬਾਹਰ ਸੜਕ ’ਤੇ ਰੱਖਿਆ ਹੈ। ਇਸ ਨਾਲ ਆਉਣ-ਜਾਉਣ ਵਾਲਿਆਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਪਾਰਕਿੰਗ ਦੀ ਸਮੱਸਿਆ ਵੀ ਬਹੁਤ ਵੱਧ ਚੁੱਕੀ ਹੈ, ਜਿਸ ਕਰਕੇ ਲੋਕਾਂ ਵੱਲੋਂ ਪਿੰਡ ਦੇ ਪਾਰਕਾਂ ਵਿੱਚ ਵਾਹਨ ਖੜ੍ਹੇ ਕੀਤੇ ਜਾ ਰਹੇ ਹਨ। ਉੱਥੇ ਹੀ ਪਿੰਡ ਦੀ ਪੰਚਾਇਤੀ ਜ਼ਮੀਨ ਵੀ ਕਾਰ ਪਾਰਕਿੰਗ ਦਾ ਰੂਪ ਧਾਰ ਚੁੱਕੀ ਹੈ, ਜਿੱਥੇ ਮੀਂਹ ਦੇ ਮੌਸਮ ਵਿੱਚ ਪਾਣੀ ਭਰਨ ਕਰਕੇ ਲੋਕਾਂ ਦੇ ਵਾਹਨਾਂ ਦਾ ਨੁਕਸਾਨ ਹੁੰਦਾ ਹੈ। 5 ਹਜ਼ਾਰ ਤੋਂ ਵੱਧ ਲੋਕਾਂ ਦੀ ਆਬਾਦੀ ਵਾਲੇ ਪਿੰਡ ਵਿੱਚ ਡਿਸਪੈਂਸਰੀ ਵੀ ਕੋਈ ਨਹੀਂ ਹੈ, ਜਿਸ ਕਰਕੇ ਲੋਕਾਂ ਨੂੰ ਸਿਹਤ ਸਹੂਲਤਾਂ ਲੈਣ ਲਈ ਦੂਰ ਜਾਂ ਫੇਰ ਪ੍ਰਾਈਵੇਟ ਡਾਕਟਰਾਂ ਕੋਲ ਜਾਣਾ ਪੈਂਦਾ ਹੈ। ਪਿੰਡ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਡਹੇੜੀ, ਅਤਿੰਦਰ ਸਿੰਘ ਰੌਬੀ ਤੇ ਚੰਦਰ ਪ੍ਰਕਾਸ਼ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪੰਚਾਇਤੀ ਰਾਜ ਭੰਗ ਕਰਨ ਸਮੇਂ ਪਿੰਡਾਂ ਦੇ ਵਿਕਾਸ ਲਈ ਵੱਡੇ-ਵੱਡੇ ਵਾਅਦੇ ਕੀਤੇ ਸਨ, ਜੋ ਅੱਜ ਤੱਕ ਪੂਰੇ ਨਹੀਂ ਹੋ ਸਕੇ।
ਸਫਾਈ ਅਤੇ ਪਾਰਕਿੰਗ ਸਮੱਸਿਆ ਦੇ ਹੱਲ ਲਈ ਨਿਗਮ ਨੂੰ ਲਿਖਿਆ: ਹਰਦੀਪ ਸਿੰਘ
ਵਾਰਡ ਨੰਬਰ-30 ਦੇ ਕੌਂਸਲਰ ਹਰਦੀਪ ਸਿੰਘ ਨੇ ਕਿਹਾ ਕਿ ਪਿੰਡ ਬਡਹੇੜੀ ਵਿੱਚ ਸਫਾਈ ਪ੍ਰਬੰਧ ਅਤੇ ਪਾਰਕਿੰਗ ਸਮੱਸਿਆ ਦੇ ਨਿਪਟਾਰੇ ਲਈ ਕਈ ਵਾਰ ਨਗਰ ਨਿਗਮ ਨੂੰ ਲਿਖ ਕੇ ਦੇ ਚੁੱਕੇ ਹਨ ਪਰ ਨਗਰ ਨਿਗਮ ਵੱਲੋਂ ਪਿੰਡ ਦੀਆਂ ਸਮੱਸਿਆ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਿਗਮ ਤੋਂ ਵੀ ਮੰਗ ਕੀਤੀ ਕਿ ਪਿੰਡ ਵਿੱਚ ਪਾਰਕਿੰਗ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ