Illegal Mining: Lalru ਨੇੜਲੇ ਪਿੰਡ ਭਗਵਾਸੀ ’ਚ ਧੜੱਲੇ ਨਾਲ ਹੋ ਰਹੀ ਹੈ ਨਾਜਾਇਜ਼ ਮਾਈਨਿੰਗ
ਤੇਜ਼ ਰਫਤਾਰ ਟਿੱਪਰ ਦਿਨ-ਰਾਤ ਚੱਲਣ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਵਧੀ
ਸਰਕਲ ਲਾਲੜੂ ਅਧੀਨ ਪੈਂਦੇ ਪਿੰਡ ਭਗਵਾਸੀ ਵਿੱਚ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ਵਿੱਚ ਮਿੱਟੀ ਦੀ ਗੈਰ-ਕਾਨੂੰਨੀ ਖੁਦਾਈ ਬਿਨਾਂ ਕਿਸੇ ਡਰ ਤੋਂ ਕੀਤੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਮੂਕ ਦਰਸ਼ਕ ਬਣਿਆ ਹੋਇਆ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਪਿੰਡ ਭਗਵਾਸੀ ਵਿੱਚ ਦਿਨ-ਰਾਤ ਮਿੱਟੀ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਮੌਕੇ 'ਤੇ ਦਰਜਨਾਂ ਟਿੱਪਰ ਮਿੱਟੀ ਨਾਲ ਭਰੇ ਹੋਏ ਵੇਖੇ ਜਾ ਸਕਦੇ ਹਨ, ਜੋ ਤੇਜ਼ ਰਫ਼ਤਾਰ ਨਾਲ ਪਿੰਡ ਦੀਆਂ ਸੜਕਾਂ ਤੋਂ ਗੁਜ਼ਰਦੇ ਹਨ। ਇਸ ਕਾਰਨ ਜਿੱਥੇ ਪਿੰਡ ਦੀਆਂ ਸੜਕਾਂ ਟੁੱਟ ਰਹੀਆਂ ਹਨ, ਉੱਥੇ ਹੀ ਉੱਡਦੀ ਧੂੜ ਅਤੇ ਹਾਦਸਿਆਂ ਦੇ ਡਰ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਵੱਡੇ ਪੱਧਰ 'ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਖ਼ਬਰ ਹੋਣ ਦੇ ਬਾਵਜੂਦ ਸਬੰਧਤ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ।
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਮਾਈਨਿੰਗ ਮਾਫ਼ੀਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ। ਸ਼ਿਕਾਇਤਾਂ ਦੇ ਬਾਵਜੂਦ ਅਧਿਕਾਰੀ ਮੌਕੇ 'ਤੇ ਪਹੁੰਚਣ ਤੋਂ ਗੁਰੇਜ਼ ਕਰਦੇ ਹਨ। ਲਗਾਤਾਰ ਹੋ ਰਹੀ ਖੁਦਾਈ ਨਾਲ ਜ਼ਮੀਨਦੋਜ਼ ਪਾਣੀ ਦੇ ਪੱਧਰ ਅਤੇ ਵਾਤਾਵਰਨ 'ਤੇ ਬੁਰਾ ਅਸਰ ਪੈ ਰਿਹਾ ਹੈ।
ਸਥਾਨਕ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕੀਤਾ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਜੇਕਰ ਜਲਦ ਹੀ ਇਹ ਮਾਈਨਿੰਗ ਬੰਦ ਨਾ ਕੀਤੀ ਗਈ ਤਾਂ ਪਿੰਡ ਵਾਸੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕੀ ਨਜਾਇਜ਼ ਮਾਈਨਿੰਗ ਨੂੰ ਤੁਰੰਤ ਰੋਕਿਆ ਜਾਵੇ।
ਇਸ ਸਬੰਧੀ ਐਸਡੀਐਮ ਡੇਰਾਬਸੀ ਅਮਿਤ ਗੁਪਤਾ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕਰਨਗੇ।

