Illegal Industrial Colonies: ਨਾਜਾਇਜ਼ ਕਲੋਨੀਆਂ ਖ਼ਿਲਾਫ਼ ਗਮਾਡਾ ਸਖ਼ਤ
ਡੇਰਾਬੱਸੀ ਇਲਾਕੇ ਵਿੱਚ ਨਾਜਾਇਜ਼ ਇੰਡਸਟਰੀਅਲ ਕਲੋਨੀਆਂ ਕੱਟਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ‘ਪੰਜਾਬੀ ਟ੍ਰਿਬਿਊਨ’ ਵੱਲੋਂ ਲੜੀਵਾਰ ਖ਼ਬਰਾਂ ਪ੍ਰਕਾਸ਼ਿਤ ਕਰਨ ਮਗਰੋਂ ਗਮਾਡਾ ਦੇ ਅਧਿਕਾਰੀ ਹੁਣ ਹਰਕਤ ਵਿੱਚ ਆ ਗਏ ਹਨ। ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਜਿੱਥੇ...
ਡੇਰਾਬੱਸੀ ਇਲਾਕੇ ਵਿੱਚ ਨਾਜਾਇਜ਼ ਇੰਡਸਟਰੀਅਲ ਕਲੋਨੀਆਂ ਕੱਟਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ‘ਪੰਜਾਬੀ ਟ੍ਰਿਬਿਊਨ’ ਵੱਲੋਂ ਲੜੀਵਾਰ ਖ਼ਬਰਾਂ ਪ੍ਰਕਾਸ਼ਿਤ ਕਰਨ ਮਗਰੋਂ ਗਮਾਡਾ ਦੇ ਅਧਿਕਾਰੀ ਹੁਣ ਹਰਕਤ ਵਿੱਚ ਆ ਗਏ ਹਨ। ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਜਿੱਥੇ ਪਹਿਲਾਂ ਗਮਾਡਾ ਵੱਲੋਂ ਨਾਜਾਇਜ਼ ਕਲੋਨੀਆਂ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਸੀ। ਅੱਜ ਗਮਾਡਾ ਵੱਲੋਂ ਨਾਜਾਇਜ਼ ਕਲੋਨੀਆਂ ਦੇ ਬਾਹਰ ਜ਼ਮੀਨ ਮਾਲਕਾਂ ਨੂੰ ਕਾਰਨ ਦੱਸੋ ਨੋਟਿਸ ਚਿਪਕਾ ਕੇ ਤੁਰੰਤ ਕੰਮ ਬੰਦ ਕਰਨ ਦੀ ਹਦਾਇਤ ਕੀਤੀ ਗਈ ਹੈ। ਅਜਿਹਾ ਨਾ ਕਰਨ ’ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।
ਦੂਜੇ ਪਾਸੇ, ਹਾਲੇ ਵੀ ਮਾਲ ਵਿਭਾਗ ਦੇ ਅਧਿਕਾਰੀ ਇਸ ਬਾਰੇ ਚੁੱਪ ਵੱਟੀ ਬੈਠੇ ਹਨ। ਜਾਣਕਾਰੀ ਅਨੁਸਾਰ ਡੇਰਾਬੱਸੀ ਤਹਿਸੀਲ ਵਿੱਚ ਹਾਲੇ ਵੀ ਨਾਜਾਇਜ਼ ਕਲੋਨੀਆਂ ਦੀਆਂ ਖੁੱਲ੍ਹੇਆਮ ਰਜਿਸਟਰੀਆਂ ਹੋ ਰਹੀਆਂ ਹਨ। ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਾਜਾਇਜ਼ ਕਲੋਨਾਈਜ਼ਰਾਂ ਵੱਲੋਂ ਸ਼ਰ੍ਹੇਆਮ ਸਰਕਾਰ ਨੂੰ ਕਲੋਨੀ ਦੀ ਬਣਦੀ ਫੀਸ ਨਾ ਭਰ ਕੇ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ ਮਾਲ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਦੀ ਗੰਭੀਰਤਾ ਨਾਲ ਨਹੀਂ ਲੈ ਰਹੇ।
ਮਾਮਲੇ ਦੀ ਜਾਂਚ ਕਰਨ ’ਤੇ ਸਾਹਮਣੇ ਆਇਆ ਹੈ ਕਿ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਕਲੋਨਾਈਜ਼ਰ ਆਪਣੇ ਕਰਿੰਦਿਆਂ ਜਾਂ ਜਾਣਕਾਰਾਂ ਦੇ ਨਾਂ ’ਤੇ ਕਲੋਨੀ ਕੱਟਦੇ ਹਨ। ਇਸ ਸਬੰਧੀ ‘ਪੰਜਾਬੀ ਟ੍ਰਿਬਿਊਨ’ ਕੋਲ ਸਾਰੀ ਜਾਣਕਾਰੀ ਮੌਜੂਦ ਹੈ ਕਿ ਕਿਹੜੀ ਕਲੋਨੀ ਕਿਸ ਕਲੋਨਾਈਜ਼ਰ ਵੱਲੋਂ ਕੱਟੀ ਗਈ ਹੈ। ਕਲੋਨਾਈਜ਼ਰ ਜਿਸ ਕਰਿੰਦੇ ਦੇ ਨਾਂ ਕਲੋਨੀ ਕੱਟਦਾ ਹੈ, ਉਸ ਦੀ ਅਸਲ ਸਮਰੱਥਾ ਇੰਨੀ ਨਹੀਂ ਹੁੰਦੀ ਕਿ ਉਹ ਅਜਿਹੀ ਜਾਇਦਾਦ ਖ਼ਰੀਦ ਸਕੇ। ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਬੰਧਤ ਵਿਅਕਤੀਆਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੇ ਜਾਣ ਨਾਲ ਕਥਿਤ ਲੈਣ-ਦੇਣ ਦੀ ਸੱਚਾਈ ਸਾਹਮਣੇ ਆ ਸਕਦੀ ਹੈ। ਜਾਣਕਾਰੀ ਅਨੁਸਾਰ ਕਲੋਨਾਈਜ਼ਰ ਕੁਛ ਪੈਸਿਆਂ ਦਾ ਲਾਲਚ ਦੇ ਕੇ ਕਲੋਨੀ ਕਰਿੰਦੇ ਦੇ ਨਾਂ ਕਰਵਾ ਦਿੰਦਾ ਹੈ ਜੇ ਕੋਈ ਵਿਭਾਗੀ ਕਾਰਵਾਈ ਹੁੰਦੀ ਹੈ ਤਾਂ ਕਲੋਨਾਈਜ਼ਰ ਕਰੋੜਾਂ ਰੁਪਏ ਦਾ ਮੁਨਾਫ਼ਾ ਲੈ ਕੇ ਬਚ ਜਾਂਦਾ ਹੈ।
ਸਥਾਨਕ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਨਾਜਾਇਜ਼ ਕਲੋਨੀਆਂ ਕੱਟ ਕੇ ਲੋਕਾਂ ਨਾਲ ਠੱਗੀ ਮਾਰਨ ਅਤੇ ਬਣਦੀ ਫੀਸ ਨਾ ਭਰ ਕੇ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਸਲ ਕਲੋਨਾਈਜ਼ਰਾਂ ਵਿਰੁੱਧ ਕਾਰਵਾਈ ਕਰਦਿਆਂ ਬਣਦੀ ਫੀਸ ਦੀ ਵਸੂਲੀ ਦੀ ਮੰਗ ਕੀਤੀ ਹੈ।
ਨਾਜਾਇਜ਼ ਕਲੋਨੀਆਂ ਕੱਟਣ ਵਾਲਿਆਂ ਨੂੰ ਨੋਟਿਸ ਜਾਰੀ: ਜੇ ਈ
ਗਮਾਡਾ ਦੇ ਜੇ ਈ ਬਲਕਰਨ ਸਿੰਘ ਨੇ ਕਿਹਾ ਕਿ ਅੱਜ ਤਿੰਨ ਨਾਜਾਇਜ਼ ਕਲੋਨੀਆਂ ਕੱਟਣ ਵਾਲਿਆਂ ਨੂੰ ਨੋਟਿਸ ਜਾਰੀ ਕਰ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ। ਇਨ੍ਹਾਂ ਤਿੰਨ ਨਾਜਾਇਜ਼ ਕਲੋਨੀਆਂ ਦੇ ਬਾਹਰ ਨੋਟਿਸ ਚਿਪਕਾ ਕੇ ਕੰਮ ਬੰਦ ਕਰਨ ਦੀ ਹਦਾਇਤ ਕੀਤੀ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਲੋਨਾਈਜ਼ਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਰਿੰਦਿਆਂ ਦੇ ਨਾਂ ਕਲੋਨੀਆਂ ਕੱਟਣ ਵਾਲੇ ਕਲੋਨਾਈਜ਼ਰਾਂ ਖ਼ਿਲਾਫ਼ ਵੀ ਜਾਂਚ ਕਰ ਕੇ ਕਾਰਵਾਈ ਦਾ ਦਾਅਵਾ ਕੀਤਾ।
ਕੰਮ ਨਿਯਮਾਂ ਅਨੁਸਾਰ ਹੋ ਰਿਹੈ: ਤਹਿਸੀਲਦਾਰ
ਤਹਿਸੀਲਦਾਰ ਬੀਰਕਰਨ ਸਿੰਘ ਨੇ ਕਿਹਾ ਨਿਯਮਾਂ ਮੁਤਾਬਕ ਹੀ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ। ਗਮਾਡਾ ਵੱਲੋਂ ਨਾਜਾਇਜ਼ ਕਲੋਨੀਆਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਨ ਬਾਰੇ ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇ ਗਮਾਡਾ ਉਨ੍ਹਾਂ ਨੂੰ ਨਾਜਾਇਜ਼ ਕਲੋਨੀਆਂ ਦੀ ਜਾਣਕਾਰੀ ਦਿੰਦਾ ਹੈ ਤਾਂ ਸਬੰਧਤ ਕਲੋਨੀਆਂ ਦੀਆਂ ਰਜਿਸਟਰੀਆਂ ਬੰਦ ਕਰ ਦਿੱਤੀ ਜਾਣਗੀਆਂ।

