ਆਈਆਈਟੀ ਰੂਪਨਗਰ ਇੰਜਨੀਅਰਿੰਗ ਸੰਸਥਾਵਾਂ ’ਚੋਂ 12ਵੇਂ ਸਥਾਨ ’ਤੇ
ਰੂਪਨਗਰ, 15 ਜੂਨ
ਸਥਾਨਕ ਆਈਆਈਟੀ ਰੂਪਨਗਰ ਨੂੰ ਭਾਰਤ ਭਰ ਦੀਆਂ ਲਗਭਗ 2500 ਇੰਜਨੀਅਰਿੰਗ ਸੰਸਥਾਵਾਂ ਵਿੱਚੋਂ 12ਵਾਂ ਰੈਂਕ ਪ੍ਰਾਪਤ ਹੋਇਆ ਹੈ ਤੇ ਇਹ ਦਰਜਾਬੰਦੀ ਇੰਡੀਅਨ ਇੰਸਟੀਚਿਊਸ਼ਨ ਰੈਕਿੰਗ ਫਰੇਮਵਰਕ ਦੁਆਰਾ ਜਾਰੀ ਅੰਕੜਿਆਂ ’ਤੇ ਅਧਾਰਿਤ ਹੈ।
ਆਈਆਈਟੀ ਰੂਪਨਗਰ ਦੇ ਡਾਇਰੈਕਟਰ ਰਾਜੀਵ ਆਹੂਜਾ ਨੇ ਦੱਸਿਆ ਕਿ ਆਈਆਈਟੀ ਰੂਪਨਗਰ ਖੋਜਾਂ ਅਤੇ ਨਵੀਨਤਾ ਵਿੱਚ ਮੋਹਰੀ ਰੋਲ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦੁਆਰਾ 2020 ਵਿੱਚ ਪ੍ਰਕਾਸ਼ਿਤ 530 ਖੋਜ ਪੱਤਰਾਂ ਦੇ ਮੁਕਾਬਲੇ 2024 ਵਿੱਚ 1056 ਖੋਜ ਪੱਤਰ ਪ੍ਰਕਾਸ਼ਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀਆਂ ਖੋਜਾਂ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਵੱਖ ਵੱਖ ਸਰੋਤਾਂ ਤੋਂ ਫੰਡਿਗ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੇ ਨਤੀਜੇ ਵੱਜੋਂ ਪਿਛਲੇ ਸਾਲ ਆਈਆਈਟੀ ਨੂੰ ਲਗਭਗ 600 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਪ੍ਰਾਪਤ ਹੋ ਚੁੱਕੀ ਹੈ, ਜਿਸ ਨੂੰ ਵੱਖ ਵੱਖ ਖੋਜ ਕਾਰਜਾਂ ਅਤੇ ਇੱਥੋਂ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦਾ ਭਵਿੱਖ ਬਿਹਤ਼ਰੀਨ ਬਣਾਉਣ ਲਈ ਖਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਈਆਈਟੀ ਰੂਪਨਗਰ ਵੱਲੋਂ ਰੱਖਿਆ ਅਤੇ ਸੁਰੱਖਿਆ, ਊਰਜਾ ਕੁਸ਼ਲਤਾ, ਡੀਕਾਰਬੋਨਾਈਜ਼ੇਸ਼ਨ, ਸੈਮੀਕੰਡਕਟਰ ਤਕਨਾਲੋਜੀ, ਕੁਆਂਟਮ, ਖੇਤੀਬਾੜੀ ਅਤੇ ਪਾਣੀ ਪ੍ਰਬੰਧਨ, ਨਕਲੀ ਬੁੱਧੀ , ਡਾਟਾ ਵਿਗਿਆਨ, ਸਾਈਬਰ-ਭੌਤਿਕ ਪ੍ਰਣਾਲੀਆਂ (ਸੀਪੀਐੱਸ) ਵਿੱਚ ਇੱਕ ਆਗੂ ਵਜੋਂ ਭੂਮਿਕਾ ਨਿਭਾਈ ਜਾ ਰਹੀ ਹੈ ਤੇ ਉਨ੍ਹਾਂ ਦੀ ਸੰਸਥਾ ਕਈ ਮੈਗਾ ਪ੍ਰਾਜੈਕਟਾਂ ਦੀ ਮੇਜ਼ਬਾਨੀ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਖੇਤੀਬਾੜੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਡਿਜੀਟਲ ਤੇ ਆਰਟੀਫੀਸ਼ੀਅਲ ਇਟੈਲੀਜੈਂਸ ਤੇ ਖੋਜ ਕੀਤੀ ਜਾ ਰਹੀ ਹੈ, ਜਿਸ ਦੇ ਸਾਰਥਿਕ ਨਤੀਜੇ ਮਿਲਣੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਆਈਆਈਟੀ ਰੂਪਨਗਰ ਦਾ ਮਾਹੌਲ ਬਹੁਤ ਹੀ ਸ਼ਾਂਤੀਪੂਰਨ ਹੈ।