ਜੇਕਰ 20 ਸਾਲ ਦਾ ਨੌਜਵਾਨ ਕਰ ਸਕਦਾ ਹੈ, ਤਾਂ ਅਸੀਂ ਵੀ ਕਰ ਸਕਦੇ ਹਾਂ: ਮਿਲੋ Bittu Tabahi ਨੂੰ, ਜੋ ਇੱਕਲਾ ਹੀ ਸਾਫ਼ ਕਰ ਰਿਹਾ ਹੈ ਪ੍ਰਦੂਸ਼ਿਤ ਨਦੀ
ਮੱਧ ਪ੍ਰਦੇਸ਼ ਦੇ ਬਿਓਰਾ ’ਚ ਅਜਨਾਰ ਨਦੀ ਦੀ ਨੁਹਾਰ ਬਦਲਣ ’ਚ ਜੁਟਿਆ ਸੁਰੇਂਦਰ ਸਿੰਘ ਚੌਧਰੀ; ਆਨੰਦ ਮਹਿੰੰਦਰਾ ਨੇ ਕੀਤੀ ਸ਼ਲਾਘਾ, ਕਿਹਾ- '#MondayMotivation
ਮਹਿਜ਼ 20 ਸਾਲ ਦੀ ਉਮਰ ਵਿੱਚ, ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਓਰਾ ਦਾ ਰਹਿਣ ਵਾਲਾ ਸੁਰੇਂਦਰ ਸਿੰਘ ਚੌਧਰੀ, ਜਿਸ ਨੂੰ ਲੋਕ ‘ਬਿੱਟੂ ਤਬਾਹੀ’ ਵਜੋਂ ਜਾਣਦੇ ਹਨ, ਇਹ ਸਾਬਤ ਕਰ ਰਿਹਾ ਹੈ ਕਿ ਜੇਕਰ ਇਰਾਦਾ ਮਜ਼ਬੂਤ ਹੋਵੇ ਤਾਂ ਇੱਕ ਇਕੱਲਾ ਵਿਅਕਤੀ ਵੀ ਸਮਾਜ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ। ਪ੍ਰਦੂਸ਼ਿਤ ਹੋ ਚੁੱਕੀ ਅਜਨਾਰ ਨਦੀ ਦੀ ਸਫ਼ਾਈ ਲਈ ਕਿਸੇ ਸਰਕਾਰੀ ਮੁਹਿੰਮ ਦੀ ਉਡੀਕ ਕਰਨ ਦੀ ਬਜਾਏ, ਬਿੱਟੂ ਨੇ ਖੁਦ ਇਸ ਨਦੀ ਨੂੰ ਮੁੜ ਸੁਰਜੀਤ ਕਰਨ ਦਾ ਬੀੜਾ ਚੁੱਕਿਆ ਹੈ।
ਪਲਾਸਟਿਕ ਦਾ ਕੂੜਾ, ਗੰਦਗੀ, ਕਾਈ ਅਤੇ ਮਲਬਾ ਨਦੀ ਦਾ ਸਾਹ ਘੁੱਟ ਰਹੇ ਸਨ, ਜਿਸ ਨੂੰ ਦੇਖ ਕੇ ਬਿੱਟੂ ਨੇ ਆਪ ਪਾਣੀ ਵਿੱਚ ਉਤਰ ਕੇ ਇਸ ਦੀ ਸਫ਼ਾਈ ਸ਼ੁਰੂ ਕਰ ਦਿੱਤੀ। ਜ਼ਿਆਦਾਤਰ ਆਪਣੇ ਪੈਸਿਆਂ ਅਤੇ ਸਾਧਾਰਨ ਔਜ਼ਾਰਾਂ ਨਾਲ ਕੀਤੀ ਗਈ ਉਸ ਦੀ ਇਹ ਮਿਹਨਤ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀ ਹੈ, ਜਿਸ ਨਾਲ ਹਜ਼ਾਰਾਂ ਲੋਕ ਪ੍ਰੇਰਿਤ ਹੋ ਰਹੇ ਹਨ। ਇੱਥੋਂ ਤੱਕ ਕਿ ਉਦਯੋਗਪਤੀ ਆਨੰਦ ਮਹਿੰਦਰਾ ਨੇ ਵੀ ਉਸ ਦੀ ਤਾਰੀਫ਼ ਕੀਤੀ ਹੈ।
ਕੌਣ ਹੈ ਬਿੱਟੂ ਤਬਾਹੀ?
ਸੁਰੇਂਦਰ ਸਿੰਘ ਚੌਧਰੀ ਉਰਫ਼ ਬਿੱਟੂ ਤਬਾਹੀ ਮੱਧ ਪ੍ਰਦੇਸ਼ ਦੇ ਬਿਓਰਾ ਦਾ ਇੱਕ ਨੌਜਵਾਨ ਹੈ। ਸਥਾਨਕ ਅਤੇ ਇਤਿਹਾਸਕ ਮਹੱਤਵ ਰੱਖਣ ਵਾਲੀ ਅਜਨਾਰ ਨਦੀ ਪਲਾਸਟਿਕ ਅਤੇ ਹੋਰ ਕੂੜੇ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਗਈ ਸੀ। ਨਦੀ ਨੂੰ ਪਵਿੱਤਰ ਮੰਨਣ ਵਾਲੇ ਬਿੱਟੂ ਨੇ ਮਹਿਸੂਸ ਕੀਤਾ ਕਿ ਸਿਰਫ਼ ਕੋਸਣ ਨਾਲ ਕੁੱਝ ਨਹੀਂ ਬਣਨਾ। ਇਸੇ ਸਾਲ ਦੀ ਸ਼ੁਰੂਆਤ ਵਿੱਚ ਉਸ ਨੇ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ ਨਦੀ ਦੀ ਸਫ਼ਾਈ ਸ਼ੁਰੂ ਕੀਤੀ। ਜਦੋਂ ਦੋਸਤਾਂ ਨੇ ਹੌਲੀ-ਹੌਲੀ ਹਟਣਾ ਸ਼ੁਰੂ ਕਰ ਦਿੱਤਾ, ਤਾਂ ਵੀ ਬਿੱਟੂ ਨੇ ਹਿੰਮਤ ਨਹੀਂ ਹਾਰੀ ਅਤੇ ਇਕੱਲਿਆਂ ਹੀ ਕੰਮ ਜਾਰੀ ਰੱਖਿਆ।
ਆਪਣੇ ਹੱਥਾਂ ਨਾਲ ਕੀਤੀ ਨਦੀ ਦੀ ਸਫ਼ਾਈ
ਬਿੱਟੂ ਲਈ ਇਹ ਰਸਤਾ ਆਸਾਨ ਨਹੀਂ ਸੀ। ਉਹ ਆਪਣੇ ਹੱਥਾਂ ਅਤੇ ਸਾਧਾਰਨ ਔਜ਼ਾਰਾਂ ਦੀ ਮਦਦ ਨਾਲ ਪਲਾਸਟਿਕ, ਕਾਈ ਅਤੇ ਜੰਮਿਆ ਹੋਇਆ ਕੂੜਾ ਕੱਢਦਾ ਰਿਹਾ ਹੈ। ਉਸ ਨੇ ਆਪਣੇ ਕੋਲੋਂ ਵੀ ਪੈਸੇ ਖਰਚ ਕੇ ਸਫ਼ਾਈ ਦਾ ਸਾਮਾਨ ਖਰੀਦਿਆ। ਬਿੱਟੂ ਅਨੁਸਾਰ, ਸਿਰਫ਼ ਇੱਕ ਘਾਟ ਦੀ ਸਫ਼ਾਈ ਕਰਨ ਵਿੱਚ ਹੀ ਉਸ ਨੂੰ ਢਾਈ ਤੋਂ ਤਿੰਨ ਮਹੀਨੇ ਦਾ ਸਮਾਂ ਲੱਗ ਗਿਆ। ਗੰਦੇ ਪਾਣੀ ਵਿੱਚ ਲਗਾਤਾਰ ਕਈ ਘੰਟੇ ਖੜ੍ਹੇ ਰਹਿਣ ਕਾਰਨ ਉਸ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ, ਪਰ ਉਸ ਦੇ ਕਦਮ ਨਹੀਂ ਰੁਕੇ।
'ਲੋਕਾਂ ਨੇ ਕਿਹਾ ਕਿ ਮੈਂ ਇਹ ਸਭ Views ਲਈ ਕਰ ਰਿਹਾ ਹਾਂ'
ਜਦੋਂ ਬਿੱਟੂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ, ਤਾਂ ਕੁਝ ਲੋਕਾਂ ਨੇ ਉਸ ਦੀ ਨੀਅਤ 'ਤੇ ਵੀ ਸਵਾਲ ਚੁੱਕੇ। ਕਈਆਂ ਨੇ ਦੋਸ਼ ਲਾਇਆ ਕਿ ਉਹ ਸਿਰਫ਼ 'ਵਿਊਜ਼' ਅਤੇ 'ਲਾਇਕਸ' ਲਈ ਇਹ ਨਾਟਕ ਕਰ ਰਿਹਾ ਹੈ, ਜਦਕਿ ਕੁਝ ਨੇ ਵੀਡੀਓਜ਼ ਨੂੰ AI (ਏ.ਆਈ.) ਦੁਆਰਾ ਬਣਾਇਆ ਕਰਾਰ ਦਿੱਤਾ। ਇਸ ਦਾ ਜਵਾਬ ਬਿੱਟੂ ਨੇ ਆਪਣੇ ਕੰਮ ਦੀ ਹਰ ਇੱਕ ਵੀਡੀਓ ਅਤੇ ਨਦੀ ਦੇ ਬਦਲੇ ਹੋਏ ਰੂਪ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਦਿੱਤਾ। ਅੱਜ ਸੋਸ਼ਲ ਮੀਡੀਆ 'ਤੇ ਉਸ ਦੇ 3 ਲੱਖ ਤੋਂ ਵੱਧ ਫਾਲੋਅਰਜ਼ ਹਨ, ਜਿੱਥੇ ਉਹ ਜਨਤਕ ਥਾਵਾਂ ਦੀ ਸਫ਼ਾਈ ਦਾ ਸੰਦੇਸ਼ ਦੇ ਰਿਹਾ ਹੈ।
ਆਨੰਦ ਮਹਿੰਦਰਾ ਨੇ ਦੱਸਿਆ ਆਪਣੇ ਲਈ 'ਮੰਡੇ ਮੋਟੀਵੇਸ਼ਨ'
ਉਦਯੋਗਪਤੀ ਆਨੰਦ ਮਹਿੰਦਰਾ ਨੇ ਬਿੱਟੂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਲਿਖਿਆ: "ਬਿਓਰਾ (MP) ਦੇ ਇਸ ਨੌਜਵਾਨ ਦੀ ਆਲੋਚਨਾ ਕੀਤੀ ਗਈ ਸੀ ਕਿ ਉਹ ਸੋਸ਼ਲ ਮੀਡੀਆ ਲਈ ਨਦੀ ਸਾਫ਼ ਕਰਨ ਦਾ ਦਾਅਵਾ ਕਰ ਰਿਹਾ ਹੈ... ਅਸੀਂ ਅਕਸਰ ਸ਼ਿਕਾਇਤ ਕਰਦੇ ਹਾਂ ਕਿ ਸੋਸ਼ਲ ਮੀਡੀਆ ਅਰਥਹੀਣ ਚੀਜ਼ਾਂ ਨੂੰ ਉਤਸ਼ਾਹਿਤ ਕਰਦਾ ਹੈ। ਪਰ ਜੇਕਰ 'ਲਾਇਕਸ' ਦੀ ਇੱਛਾ ਕਿਸੇ ਚੰਗੇ ਕੰਮ ਦਾ ਜ਼ਰੀਆ ਬਣ ਸਕਦੀ ਹੈ, ਤਾਂ ਇਹ ਬਹੁਤ ਵਧੀਆ ਗੱਲ ਹੈ।" ਮਹਿੰਦਰਾ ਨੇ ਬਿੱਟੂ ਤਬਾਹੀ ਨੂੰ ਆਪਣਾ #MondayMotivation ਦੱਸਿਆ।
ਬਿੱਟੂ ਦੀ ਇਹ ਕਹਾਣੀ ਸਿਰਫ਼ ਇੱਕ ਨਦੀ ਦੀ ਸਫ਼ਾਈ ਤੱਕ ਸੀਮਤ ਨਹੀਂ ਹੈ, ਸਗੋਂ ਇਹ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਸਮਝਣ ਦਾ ਸੁਨੇਹਾ ਦਿੰਦੀ ਹੈ। 20 ਸਾਲ ਦੀ ਉਮਰ ਵਿੱਚ ਬਿੱਟੂ ਨੇ ਦਿਖਾ ਦਿੱਤਾ ਹੈ ਕਿ ਜੇਕਰ ਇੱਕ ਨੌਜਵਾਨ ਪਹਿਲਾ ਕਦਮ ਪੁੱਟ ਸਕਦਾ ਹੈ, ਤਾਂ ਬਾਕੀ ਸਮਾਜ ਵੀ ਉਸ ਦਾ ਸਾਥ ਦੇ ਸਕਦਾ ਹੈ।

