ਚੰਡੀਗੜ੍ਹ ਦੇ ਸੈਕਟਰ 43 ਸਥਿਤ ਬੱਸ ਅੱਡੇ ਨੇੜਿਓਂ ਆਈ ਈ ਡੀ ਬੰਬ (ਟਿਫਨ ਬੰਬ) ਮਿਲਿਆ ਹੈ। ਚੰਡੀਗੜ੍ਹ ਪੁਲੀਸ ਨੇ ਟਿਫਨ ਬੰਬ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਵੀ ਕਾਬੂ ਕੀਤਾ ਹੈ, ਜਿਨ੍ਹਾਂ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਮੁੱਢਲੀ ਜਾਂਚ ਦੌਰਾਨ ਬੱਸ ਅੱਡੇ ਦੇ ਆਲੇ-ਦੁਆਲੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਚੱਪੇ-ਚੱਪੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਬੰਬ ਸਕੁਐਡ, ਡਾਗ ਸਕੁਐਡ ਅਤੇ ਪੁਲੀਸ ਦੀਆਂ ਵੱਖ-ਵੱਖ ਟੀਮਾਂ ਅਤੇ ਚੰਡੀਗੜ੍ਹ ਪੁਲੀਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਹਨ। ਬੰਬ ਮਿਲਣ ਤੋਂ ਬਾਅਦ ਪੁਲੀਸ ਨੇ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਚੌਕਸੀ ਵੀ ਵਧਾ ਦਿੱਤੀ ਹੈ। ਇਸ ਮੌਕੇ ਸੀ ਆਰ ਪੀ ਐਫ ਦੀ ਟੀਮ ਵੀ ਮੌਜੂਦ ਸੀ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਨੂੰ ਸੂਹ ਮਿਲੀ ਕਿ ਕੁਝ ਨੌਜਵਾਨ ਸ਼ਹਿਰ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ, ਜਿਸ ਮਗਰੋਂ ਪੁਲੀਸ ਨੇ ਦੁਪਹਿਰ ਮਗਰੋਂ ਸ਼ਹਿਰ ਵਿੱਚ ਚੌਕਸੀ ਵਧਾ ਦਿੱਤੀ ਸੀ। ਇਸ ਦੌਰਾਨ ਪੁਲੀਸ ਨੇ ਰਾਤ ਨੂੰ ਬੱਸ ਅੱਡੇ ਦੇ ਪਿਛਲੇ ਪਾਸੇ ਤੋਂ ਇਕ ਬੈਗ ਵਿੱਚੋਂ ਟਿਫਨ ਬੰਬ ਬਰਾਮਦ ਕਰ ਲਿਆ ਹੈ ਹਾਲਾਂਕਿ ਇਹ ਬੰਬ ਹਾਲੇ ਐਕਟੀਵੇਟ ਨਹੀਂ ਕੀਤਾ ਗਿਆ ਸੀ। ਪੁਲੀਸ ਨੇ ਉਕਤ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਵੀ ਕਾਬੂ ਕਰ ਲਿਆ ਹੈ। ਪੁਲੀਸ ਦਾ ਮੰਨਣਾ ਹੈ ਕਿ ਇਨ੍ਹਾਂ ਵੱਲੋਂ ਸ਼ਹਿਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ। ਚੰਡੀਗੜ੍ਹ ਪੁਲੀਸ ਨੇ ਬੱਸ ਅੱਡੇ ਦੇ ਆਲੇ-ਦੁਆਲੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਚੌਕਸੀ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ’ਤੇ ਲੱਗੇ ਸੀ ਸੀ ਟੀ ਵੀ ਫੁਟੇਜ ਵੀ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ ਨੂੰ ਕਈ ਵਾਰ ਮਿਲ ਚੁੱਕੀ ਹੈ ਧਮਕੀ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੰਜਾਬ ਤੇ ਹਰਿਆਣਾ ਸਕੱਤਰੇਤ, ਹਾਈਕੋਰਟ ਅਤੇ ਕਈ ਵਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਇਕ ਵਾਰ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ’ਤੇ ਗਰਨੇਡ ਨਾਲ ਹਮਲਾ ਹੋ ਚੁੱਕਿਆ ਹੈ ਅਤੇ ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਵੀ ਭਾਜਪਾ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਅਜਿਹੀ ਵਿੱਚ ਚੰਡੀਗੜ੍ਹ ਪੁਲੀਸ ਨੇ ਟਿਫਨ ਬੰਬ ਬਰਾਮਦ ਕਰ ਕੇ ਸ਼ਹਿਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਵਾਪਰਨ ਤੋਂ ਬਚਾਅ ਲਿਆ।

