DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

IAF ਦੇ ਪਹਿਲੇ Jaguar ਯੂਨਿਟ ਨੰਬਰ 14 ਸਕੁਆਡਰਨ ਦੇ 75 ਸਾਲ ਪੂਰੇ; ਮਨਾਈ ਪਲੈਟੀਨਮ ਜੁਬਲੀ

‘ਬੁੱਲਜ਼’ ਦੇ ਨਾਂ ਨਾਲ ਮਸ਼ਹੂਰ ਸਕੁਆਡਰਨ ਨੇ 1965, 1971 ਅਤੇ ਕਾਰਗਿਲ ਜੰਗਾਂ ’ਚ ਨਿਭਾਈ ਸੀ ਅਹਿਮ ਭੂਮਿਕਾ

  • fb
  • twitter
  • whatsapp
  • whatsapp
featured-img featured-img
ਭਾਰਤੀ ਏਅਰ ਫੋਰਸ ਦੀ 'ਬੁੱਲਜ਼' ਸਕੁਆਰਡਨ ਨੇ ਅਗਲੇਰੀ ਫੌਜੀ ਛਾਉਣੀ ਵਿੱਚ ਮਨਾਏ ਸਮਾਗਮਾਂ ਨਾਲ ਪਲੈਟੀਨਮ ਜੁਬਲੀ ਮਨਾਈ। ਫੋਟੋ: ਆਈ ਏ ਐੱਫ 
Advertisement

ਭਾਰਤੀ ਹਵਾਈ ਫ਼ੌਜ ਵਿੱਚ ਜੈਗੁਆਰ ਲੜਾਕੂ ਜਹਾਜ਼ਾਂ ਨਾਲ ਲੈਸ ਹੋਣ ਵਾਲੇ ਪਹਿਲੇ ਯੂਨਿਟ ‘ਨੰਬਰ 14 ਸਕੁਆਡਰਨ’ ਨੇ ਪੱਛਮੀ ਹਵਾਈ ਕਮਾਂਡ ਅਧੀਨ ਆਉਂਦੇ ਇੱਕ ਅਗਲੇਰੀ ਹਵਾਈ ਅੱਡੇ (ਫਾਰਵਰਡ ਏਅਰਬੇਸ) ’ਤੇ ਵੱਖ-ਵੱਖ ਸਮਾਗਮਾਂ ਨਾਲ ਆਪਣੀ ਪਲੈਟੀਨਮ ਜੁਬਲੀ ਮਨਾਈ।

'ਬੁੱਲਜ਼' (Bulls) ਦੇ ਨਾਂ ਨਾਲ ਜਾਣੇ ਜਾਂਦੇ ਇਸ ਸਕੁਆਡਰਨ ਦੀ ਸਥਾਪਨਾ 1951 ਵਿੱਚ ਸਪਿਟਫਾਇਰ ਜਹਾਜ਼ਾਂ ਨਾਲ ਕੀਤੀ ਗਈ ਸੀ ਅਤੇ ਸਕੁਆਡਰਨ ਲੀਡਰ ਲੈਸਲੀ ਰਿਚਰਡ ਡਿਕਿਨਸਨ ਬਲੰਟ ਇਸ ਦੇ ਪਹਿਲੇ ਕਮਾਂਡਿੰਗ ਅਫ਼ਸਰ ਸਨ। ਲੜਾਕੂ ਜਹਾਜ਼ਾਂ ਦੀਆਂ ਚਾਰ ਪੀੜ੍ਹੀਆਂ ਦਾ ਸਫ਼ਰ ਤੈਅ ਕਰਦਿਆਂ ਇਸ ਸਕੁਆਡਰਨ ਨੇ ਪਾਕਿਸਤਾਨ ਨਾਲ ਦੋ ਜੰਗਾਂ ਅਤੇ ਹੋਰ ਕਈ ਫ਼ੌਜੀ ਮੁਹਿੰਮਾਂ ਵਿੱਚ ਹਿੱਸਾ ਲਿਆ ਹੈ।

Advertisement

ਪੱਛਮੀ ਹਵਾਈ ਕਮਾਂਡ ਵੱਲੋਂ ਐਤਵਾਰ ਨੂੰ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਇਸ ਸਮਾਗਮ ਦੌਰਾਨ ਫ਼ਲਾਇੰਗ ਅਪਰੇਸ਼ਨਾਂ ਅਤੇ ਜੰਗੀ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ ਜ਼ਰੀਏ ਸਕੁਆਡਰਨ ਦੇ ਸ਼ਾਨਦਾਰ ਇਤਿਹਾਸ ਅਤੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਕੁਆਡਰਨ ਨਾਲ ਜੁੜੇ ਮੌਜੂਦਾ ਅਤੇ ਸਾਬਕਾ ਹਵਾਈ ਯੋਧੇ ਇਸ ਦੀ ਲਾਸਾਨੀ ਯਾਤਰਾ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ।

Advertisement

ਸਮਾਗਮ ਵਿੱਚ ਪੱਛਮੀ ਹਵਾਈ ਕਮਾਂਡ ਦੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼ ਏਅਰ ਮਾਰਸ਼ਲ ਜਾਰਜ ਥਾਮਸ, ਸਾਬਕਾ ਹਵਾਈ ਫ਼ੌਜ ਮੁਖੀ, ਵੀਰਤਾ ਪੁਰਸਕਾਰ ਜੇਤੂ, ਸੀਨੀਅਰ ਮੌਜੂਦਾ ਅਫ਼ਸਰ ਅਤੇ ਸਾਬਕਾ ਫ਼ੌਜੀ ਸ਼ਾਮਲ ਹੋਏ। ਇਸ ਮੌਕੇ ਸਕੁਆਡਰਨ ’ਤੇ ਇੱਕ ਵਿਸ਼ੇਸ਼ 'ਫਸਟ ਡੇਅ ਕਵਰ' (ਡਾਕ ਲਫ਼ਾਫ਼ਾ) ਵੀ ਜਾਰੀ ਕੀਤਾ ਗਿਆ।

ਦੂਜੀ ਸੰਸਾਰ ਜੰਗ ਦੇ ਸਭ ਤੋਂ ਮਸ਼ਹੂਰ ਲੜਾਕੂ ਜਹਾਜ਼ਾਂ ਵਿੱਚੋਂ ਇੱਕ 'ਸੁਪਰਮਰੀਨ ਸਪਿਟਫਾਇਰ' ਨਾਲ ਸ਼ੁਰੂਆਤ ਕਰਨ ਤੋਂ ਬਾਅਦ, ਸਕੁਆਡਰਨ ਨੇ ਅਕਤੂਬਰ 1957 ਤੋਂ ਅਗਸਤ 1959 ਤੱਕ ਕੁਝ ਸਮੇਂ ਲਈ 'ਡੀ ਹੈਵਿਲੈਂਡ ਵੈਂਪਾਇਰ' ਜਹਾਜ਼ ਉਡਾਏ। ਇਸ ਤੋਂ ਬਾਅਦ ਇਸ ਵਿੱਚ 'ਹੌਕਰ ਹੰਟਰ' ਜਹਾਜ਼ ਸ਼ਾਮਲ ਕੀਤੇ ਗਏ, ਜਿਨ੍ਹਾਂ ਨੂੰ ਅਗਲੇ 20 ਸਾਲਾਂ ਤੱਕ ਚਲਾਇਆ ਗਿਆ।

ਇਸ ਸਕੁਆਡਰਨ ਨੇ ਹੰਟਰ ਜਹਾਜ਼ਾਂ ਨਾਲ 1965 ਅਤੇ 1971 ਦੀਆਂ ਜੰਗਾਂ ਵਿੱਚ ਹਿੱਸਾ ਲਿਆ। ਸਤੰਬਰ 1965 ਵਿੱਚ, ਪੂਰਬੀ ਖੇਤਰ ਵਿੱਚ ਡਿਊਟੀ ਦੌਰਾਨ ਇਸ ਨੇ ਉਪ-ਮਹਾਂਦੀਪ ਦੀਆਂ ਸਭ ਤੋਂ ਫ਼ੈਸਲਾਕੁੰਨ ਹਵਾਈ ਜੰਗਾਂ ਵਿੱਚੋਂ ਇੱਕ ਲੜੀ, ਜਦੋਂ ਇਸ ਦੇ ਦੋ ਪਾਇਲਟਾਂ ਨੇ ਦੁਸ਼ਮਣ ਦੇ ਛੇ ਸਾਇਬਰ ਜੈੱਟਾਂ ਦਾ ਮੁਕਾਬਲਾ ਕੀਤਾ। ਫ਼ਲਾਈਟ ਲੈਫ਼ਟੀਨੈਂਟ ਅਲਫ਼ਰੈਡ ਕੁੱਕ ਨੇ ਤਿੰਨ ਜਹਾਜ਼ਾਂ ਨਾਲ ਲੋਹਾ ਲਿਆ, ਜਦਕਿ ਉਨ੍ਹਾਂ ਦੇ ਸਾਥੀ ਫ਼ਲਾਇੰਗ ਅਫ਼ਸਰ ਐੱਸਸੀ ਮਮਗਈਂ ਨੇ ਬਾਕੀ ਤਿੰਨ ਜਹਾਜ਼ਾਂ ਨੂੰ ਘੇਰ ਲਿਆ ਅਤੇ ਕਲਾਈਕੁੰਡਾ ਉੱਪਰ ਦੁਸ਼ਮਣ ਦੇ ਗਰੁੱਪ ਨੂੰ ਤਬਾਹ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਦੁਸ਼ਮਣ ਦੇ ਜਿਨ੍ਹਾਂ ਸਾਇਬਰ ਜਹਾਜ਼ਾਂ ਨਾਲ ਇਹ ਟੱਕਰ ਹੋਈ ਸੀ, ਉਹ ਵੀ ਤਤਕਾਲੀ ਪੂਰਬੀ ਪਾਕਿਸਤਾਨ ਵਿੱਚ ਤਾਇਨਾਤ ਨੰਬਰ 14 ਸਕੁਆਡਰਨ ਦੇ ਹੀ ਸਨ।

ਉਸ ਸਮੇਂ 'ਬੁੱਲਜ਼' ਦੀ ਅਗਵਾਈ ਵਿੰਗ ਕਮਾਂਡਰ ਡੇਨਿਸ ਏ ਲਾ ਫੋਂਟੇਨ ਕਰ ਰਹੇ ਸਨ, ਜੋ ਬਾਅਦ ਵਿੱਚ ਹਵਾਈ ਫ਼ੌਜ ਦੇ ਮੁਖੀ ਬਣੇ। ਇੱਕ ਹੋਰ ਸਾਬਕਾ ਹਵਾਈ ਫ਼ੌਜ ਮੁਖੀ, ਸ਼ਸ਼ੀਂਦਰ ਪਾਲ ਤਿਆਗੀ ਨੇ ਦਸੰਬਰ 1982 ਤੋਂ ਅਕਤੂਬਰ 1985 ਤੱਕ ਇਸ ਸਕੁਆਡਰਨ ਦੀ ਕਮਾਨ ਸੰਭਾਲੀ ਸੀ।

ਅਲਫ਼ਰੈਡ ਕੁੱਕ, ਜੋ ਆਪਣੇ ਪੁਰਾਣੇ ਸਕੁਆਡਰਨ ਦੀ ਜੁਬਲੀ ਵਿੱਚ ਸ਼ਾਮਲ ਹੋਣ ਲਈ ਆਸਟਰੇਲੀਆ ਤੋਂ ਭਾਰਤ ਆਏ ਸਨ, ਦਾ ਸਮਾਗਮ ਤੋਂ ਠੀਕ ਇੱਕ ਦਿਨ ਪਹਿਲਾਂ 87 ਸਾਲ ਦੀ ਉਮਰ ਵਿੱਚ ਦਿੱਲੀ ਵਿੱਚ ਸਿਹਤ ਸਮੱਸਿਆਵਾਂ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੂੰ 'ਵੀਰ ਚੱਕਰ' ਨਾਲ ਨਵਾਜਿਆ ਗਿਆ ਸੀ। 2015 ਵਿੱਚ, ਜੰਗ ਦੀ 50ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਨੇ ਅੰਬਾਲਾ ਵਿਖੇ ਆਪਣਾ ਮੈਡਲ ਆਪਣੇ ਸਕੁਆਡਰਨ ਨੂੰ ਯਾਦਗਾਰ ਵਜੋਂ ਭੇਟ ਕੀਤਾ ਸੀ।

1971 ਦੀ ਬੰਗਲਾਦੇਸ਼ ਮੁਕਤੀ ਮੁਹਿੰਮ ਦੌਰਾਨ, ਵਿੰਗ ਕਮਾਂਡਰ ਰਾਮਾਨਾਥਨ ਸੁੰਦਰੇਸਨ ਦੀ ਅਗਵਾਈ ਹੇਠ ਇਸ ਸਕੁਆਡਰਨ ਨੇ ਪੂਰਬੀ ਖੇਤਰ ਵਿੱਚ ਪਾਕਿਸਤਾਨੀ ਜ਼ਮੀਨੀ ਟਿਕਾਣਿਆਂ, ਬੁਨਿਆਦੀ ਢਾਂਚੇ, ਸੰਚਾਰ ਲਾਈਨਾਂ ਅਤੇ ਫ਼ੌਜੀ ਟੁਕੜੀਆਂ ’ਤੇ ਮਹੱਤਵਪੂਰਨ ਹਵਾਈ ਹਮਲੇ ਕੀਤੇ। ਇਸ ਨੇ ਹਮਲਾਵਰ ਮਿਸ਼ਨਾਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਜੈਸੋਰ ਹਵਾਈ ਅੱਡੇ ਤੋਂ ਵੀ ਕੁਝ ਸਮੇਂ ਲਈ ਕੰਮ ਕੀਤਾ।

ਅਗਸਤ 1979 ਵਿੱਚ, 'ਬੁੱਲਜ਼' ਪੂਰਬ ਦੇ ਕਲਾਈਕੁੰਡਾ ਤੋਂ ਅੰਬਾਲਾ ਆ ਗਿਆ, ਜਿੱਥੇ ਇਸ ਨੂੰ 'SEPECAT ਜੈਗੁਆਰ' ਡੀਪ ਪੈਨੇਟਰੇਸ਼ਨ ਸਟਰਾਈਕ ਜਹਾਜ਼ਾਂ ਨਾਲ ਲੈਸ ਕੀਤਾ ਗਿਆ, ਜਿਨ੍ਹਾਂ ਨੂੰ ਇਹ ਅੱਜ ਵੀ ਉਡਾ ਰਿਹਾ ਹੈ। ਪਿਛਲੇ 47 ਸਾਲਾਂ ਵਿੱਚ ਜੈਗੁਆਰ ਵਿੱਚ ਕਈ ਸੁਧਾਰ (ਅੱਪਗ੍ਰੇਡ) ਕੀਤੇ ਗਏ ਹਨ।

1999 ਦੇ ਕਾਰਗਿਲ ਯੁੱਧ ਦੌਰਾਨ, 'ਬੁੱਲਜ਼' ਉਨ੍ਹਾਂ ਦੋ ਜੈਗੁਆਰ ਸਕੁਆਡਰਨਾਂ ਵਿੱਚੋਂ ਇੱਕ ਸੀ (ਦੂਜਾ ਨੰਬਰ 27 ਸਕੁਆਡਰਨ 'ਫ਼ਲੇਮਿੰਗ ਐਰੋਜ਼' ਸੀ) ਜਿਨ੍ਹਾਂ ਨੂੰ 'ਅਪਰੇਸ਼ਨ ਸਫ਼ੈਦ ਸਾਗਰ' ਦੇ ਹਿੱਸੇ ਵਜੋਂ ਨਿਯੰਤਰਣ ਰੇਖਾ (LoC) ਦੇ ਨਾਲ ਫੋਟੋ-ਰੇਕੀ (ਤਸਵੀਰਾਂ ਲੈਂਡ ਦੀ ਸਮਰੱਥਾ) ਅਤੇ ਬੰਬਾਰੀ ਮਿਸ਼ਨਾਂ ਲਈ ਤਾਇਨਾਤ ਕੀਤਾ ਗਿਆ ਸੀ।

Advertisement
×