ਵਿਦੇਸ਼ ਭੇਜਣ ਦੇ ਨਾਂ ’ਤੇ ਸੌ ਨੌਜਵਾਨਾਂ ਨਾਲ ਠੱਗੀ

ਟਰੈਵਲ ਏਜੰਟ ਲੱਖਾਂ ਰੁਪਏ ਲੁੱਟ ਦਫ਼ਤਰ ਬੰਦ ਕਰ ਕੇ ਫ਼ਰਾਰ ਹੋਇਆ; ਪੁਲੀਸ ਵੱਲੋਂ ਕੇਸ ਦੀ ਜਾਂਚ ਸ਼ੁਰੂ

ਵਿਦੇਸ਼ ਭੇਜਣ ਦੇ ਨਾਂ ’ਤੇ ਸੌ ਨੌਜਵਾਨਾਂ ਨਾਲ ਠੱਗੀ

ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ। ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 28 ਸਤੰਬਰ

ਇੱਥੋਂ ਦੇ ਇੱਕ ਟਰੈਵਲ ਏਜੰਟ ਵੱਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਦਰਜਨਾਂ ਵਿਅਕਤੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੂੰ ਆਪਣੇ ਨਾਲ ਠੱਗੀ ਦਾ ਅਹਿਸਾਸ ਉਸ ਵੇਲੇ ਹੋਇਆ ਜਦੋਂ ਟਰੈਵਲ ਏਜੰਟ ਆਪਣਾ ਦਫ਼ਤਰ ਬੰਦ ਕਰ ਕੇ ਫ਼ਰਾਰ ਹੋ ਗਿਆ। ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਨੇ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਸ਼ਿਕਾਇਤਕਰਤਾ ਗੁਰਜੀਤ ਸਿੰਘ, ਕੁਲਦੀਪ ਸਿੰਘ, ਦਲੇਰ ਸਿੰਘ, ਲਾਭਾ ਰਾਮ, ਗੁਰਮੇਲ ਚੰਦ, ਬਾਲ ਕ੍ਰਿਸ਼ਨ, ਰਣਜੀਤ ਸਿੰਘ, ਭਵਨੀਤ ਕੁਮਾਰ, ਅਨਿਕੇਤ, ਅਨਿਲ ਕੁਮਾਰ ਅਤੇ ਵਿਕਰਮ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉੱਕਤ ਟਰੈਵਲ ਏਜੰਟ ਵੱਲੋਂ ਸੋਸ਼ਲ ਮੀਡੀਆ ‘ਤੇ ਦਿੱਤੇ ਇਸ਼ਤਿਹਾਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੁਬਈ, ਯੂਏਈ, ਰੂਸ, ਸਾਈਪ੍ਰਸ, ਸਪੇਨ ਅਤੇ ਪੁਰਤਗਾਲ ਵਰਗੇ ਦੇਸ਼ਾਂ ਵਿੱਚ ਵੱਡੀਆਂ ਕੰਪਨੀਆਂ ਨੂੰ ਨੌਕਰੀ ਲਈ ਨੌਜਵਾਨਾਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਹ ਇਸ਼ਤਿਹਾਰ ਪੜ੍ਹ ਕੇ ਉਹ ਦੱਸੇ ਹੋਏ ਪਤੇ ਲੋਹਗੜ੍ਹ ਰੋਡ ‘ਤੇ ਸਥਿਤ ਮੈਟਰੋ ਪਲਾਜ਼ਾ ਉਸ ਦੇ ਦਫ਼ਤਰ ’ਚ ਜਾ ਕੇ ਮਿਲੇ। ਇੱਥੇ ਇਸ ਏਜੰਟ ਨੇ ਹਰ ਵਿਅਕਤੀ ਤੋਂ 40 ਹਜ਼ਾਰ ਤੋਂ 70 ਹਜ਼ਾਰ ਰੁਪਏ ਬਤੌਰ ਐਡਵਾਂਸ ਲੈ ਲਏ। ਸ਼ਿਕਾਇਤਕਰਤਾ ਨੌਜਵਾਨਾਂ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਮੋੜੇ ਗਏ। ਉਨ੍ਹਾਂ ਦੱਸਿਆ ਕਿ ਤਕਰੀਬਨ 100 ਤੋਂ ਵੱਧ ਨੌਜਵਾਨ ਇਸ ਠੱਗੀ ਦਾ ਸ਼ਿਕਾਰ ਹੋਏ ਹਨ ਜਿਨ੍ਹਾਂ ਵਿੱਚ ਪਟਿਆਲਾ, ਫਗਵਾੜਾ, ਗੁਰਦਾਸਪੁਰ, ਅੰਮ੍ਰਿਤਸਰ, ਪਾਤੜਾਂ, ਬੰਗਾ, ਲੁਧਿਆਣਾ ਸਮੇਤ ਹੋਰਨਾਂ ਸ਼ਹਿਰਾਂ ਤੋਂ ਨੌਜਵਾਨ ਸ਼ਾਮਲ ਹਨ। ਥਾਣਾ ਮੁਖੀ ਇੰਸਪੈਕਟਰ ਗਰਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ੀਰਕਪੁਰ ਟਰੈਵਲ ਏਜੰਟਾਂ ਦੀ ਠੱਗੀ ਦਾ ਗੜ੍ਹ ਬਣਿਆ

ਜ਼ੀਰਕਪੁਰ ਸ਼ਹਿਰ ਟਰੈਵਲ ਏਜੰਟਾਂ ਦੀ ਠੱਗੀ ਦਾ ਗੜ੍ਹ ਬਣ ਗਿਆ ਹੈ। ਲੰਘੇ ਦਿਨਾਂ ਵਿੱਚ ਦਰਜਨਾਂ ਏਜੰਟ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰ ਕੇ ਫ਼ਰਾਰ ਹੋ ਗਏ ਹਨ। ਬਿਨਾਂ ਰਜਿਸਟ੍ਰੇਸ਼ਨ ਅਤੇ ਬਿਨਾਂ ਕਿਸੇ ਮਨਜ਼ੂਰੀ ਤੋਂ ਇਹ ਟਰੈਵਲ ਏਜੰਟ ਕਥਿਤ ਤੌਰ ‘ਤੇ ਪੁਲੀਸ ਨਾਲ ਮਿਲੀਭੁਗਤ ਕਰਕੇ ਜ਼ੀਰਕਪੁਰ ਵਿੱਚ ਕਿਰਾਏ ਦੀ ਬਿਲਡਿੰਗ ਵਿੱਚ ਨਾਜਾਇਜ਼ ਦਫ਼ਤਰ ਖੋਲ੍ਹ ਕੇ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਵਿਦੇਸ਼ ਭੇਜਣ ਦਾ ਇਸ਼ਤਿਹਾਰ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ਅਤੇ ਲੱਖਾਂ ਰੁਪਏ ਇਕੱਤਰ ਕਰਨ ਮਗਰੋਂ ਦਫਤਰ ਬੰਦ ਕਰ ਫ਼ਰਾਰ ਹੋ ਜਾਂਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All