ਸ਼ਹਿਰ ਦੇ ਵਾਰਡ ਨੰਬਰ 7 ਵਿੱਚ ਇੱਕ ਗਰੀਬ ਪਰਿਵਾਰ ਵੱਲੋਂ ਬਣਾਏ ਜਾ ਰਹੇ ਮਕਾਨ ਨੂੰ ਕੁਝ ਵਿਅਕਤੀਆਂ ਨੇ ਨਗਰ ਕੌਂਸਲ ਦੇ ਕੁਝ ਕਰਮਚਾਰੀਆਂ ਦੀ ਹਾਜ਼ਰੀ ’ਚ ਢਾਹ ਦਿੱਤਾ। ਕੌਂਸਲ ਕਰਮਚਾਰੀਆਂ ਦੀ ਸ਼ਹਿ ’ਤੇ ਘਰ ਢਾਹੇ ਜਾਣ ਕਾਰਨ ਪਰਿਵਾਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ।
ਮਾਮਲਾ ਪੁਲੀਸ ਕੋਲ ਪਹੁੰਚ ਗਿਆ ਹੈ ਅਤੇ ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਦਸਤਾਵੇਜ਼ ਦਿਖਾਉਂਦਿਆਂ ਮਾਲਕ ਜਸਪ੍ਰੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੇ ਕਰੀਬ ਦੋ ਵਿਸਵੇ ਜਗ੍ਹਾ 2016 ਵਿੱਚ ਖਰੀਦੀ ਅਤੇ ਸਾਰੀ ਕਾਰਵਾਈ ਮੁਕੰਮਲ ਕਰਦਿਆਂ ਘਰ ਬਣਾਉਣ ਲਈ ਕੌਂਸਲ ਕੋਲੋਂ 2018 ਵਿੱਚ ਨੇਮਾਂ ਅਨੁਸਾਰ ਨਕਸ਼ਾ ਵੀ ਪਾਸ ਕਰਵਾ ਲਿਆ ਸੀ। ਇਸ ਜਗ੍ਹਾ ਦੀ ਰਜਿਸਟਰੀ, ਨਕਸ਼ਾ ਅਤੇ ਇੰਤਕਾਲ ਸਭ ਕੁਝ ਉਸ ਦੇ ਨਾਂ ਹੈ ਅਤੇ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਕਾਰਨ ਹੀ ਉਸ ਨੇ ਬਿਜਲੀ ਦਾ ਕੁਨੈਕਸ਼ਨ ਵੀ ਮਿਲਿਆ ਹੋਇਆ ਹੈ।
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਨਗਰ ਕੌਂਸਲ ਦੇ ਕੁਝ ਕਰਮਚਾਰੀਆਂ ਨਾਲ ਆਏ 10-15 ਵਿਅਕਤੀਆਂ ਨੇ ਦਸਤਾਵੇਜ਼ ਦਿਖਾਉਣ ਦੇ ਬਾਵਜੂਦ ਉਸ ਦਾ ਮਕਾਨ ਢਾਹੁਣਾ ਸ਼ੁਰੂ ਕਰ ਦਿੱਤਾ। ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਕਾਰਜਸਾਧਕ ਅਫਸਰ ਵੱਲੋਂ ਕਾਰਵਾਈ ਦਾ ਭਰੋਸਾ
ਨਗਰ ਕੌਂਸਲ ਦੇ ਕਰਮਚਾਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਇਹ ਕਾਰਵਾਈ ਅਧਿਕਾਰੀਆਂ ਦੇ ਹੁਕਮਾਂ ’ਤੇ ਕੀਤੀ ਗਈ ਹੈ, ਜਦਕਿ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਜਨੀਸ਼ ਸ਼ੂਦ ਨੇ ਕਿਹਾ ਕਿ ਉਨ੍ਹਾਂ ਕਿਸੇ ਦਾ ਵੀ ਨਕਸ਼ਾ ਰੱਦ ਨਹੀਂ ਕੀਤਾ ਤੇ ਨਾ ਹੀ ਉਸਾਰੀ ਢਾਹੁਣ ਸਬੰਧੀ ਕੋਈ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਾਰਵਾਈ ਦਾ ਭਰੋਸਾ ਦਿੱਤਾ। ਦੂਜੇ ਪਾਸੇ ਸਥਾਨਕ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

