
ਜਗਮੋਹਨ ਸਿੰਘ
ਰੂਪਨਗਰ, 25 ਜੂਨ
ਅੱਜ ਸ਼ੋਸ਼ਲ ਮੀਡੀਆ ’ਤੇ ਰੂਪਨਗਰ ਸ਼ਹਿਰ ਦੀ ਕੈਨਾਲ ਵਿਊ ਕਲੋਨੀ ਨੇੜਿਉਂ ਤੇਂਦੂਏ ਦੇ ਲੰਘ ਰਹੇ ਬੱਚੇ ਦੀ ਸੀਸੀਟੀਵੀ ਫੁਟੇਜ ਦੀ ਵੀਡੀਓ ਵਾਇਰਲ ਹੋਣ ਉਪਰੰਤ ਲੋਕਾਂ ਵਿੱਚ ਘਬਰਾਹਟ ਤੇ ਉਤਸੁਕਤਾ ਪੈਦਾ ਹੋ ਗਈ। 12 ਸੈਕਿੰਡਾਂ ਦੀ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਤੇਂਦੂਏ ਦਾ ਬੱਚਾ ਬੀਐੱਸਐੱਨਐਲ ਦਫਤਰ ਤੋਂ ਏਡੀਸੀ ਦੀ ਰਿਹਾਇਸ਼ ਵੱਲ ਨੂੰ ਜਾਂਦੀ ਸੜਕ ’ਤੇ ਪੈਂਦੀ ਕੈਨਾਲ ਵਿਊ ਕਲੋਨੀ ਦੇ ਫਲੈਟ ਨੰਬਰ 54 ਨੇੜਿਉਂ ਲੰਘਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਸਬੰਧੀ ਰੂਪਨਗਰ ਦੇ ਡੀਐੱਫਓ ਕੁਲਰਾਜ ਨੇ ਇਸ ਨੂੰ ਤੇਂਦੂਏ ਦਾ ਬੱਚਾ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਤੇਂਦੂਏ ਦੇ ਬੱਚੇ ਇੰਨੀ ਉਮਰ ’ਚ ਆਪਣੀ ਮਾਂ ਤੋਂ ਵੱਖ ਹੋ ਕੇ ਨਹੀਂ ਘੁੰਮਦੇ। ਇਹ ਵੱਡੇ ਆਕਾਰ ਦੀ ਕੋਈ ਜੰਗਲੀ ਬਿੱਲੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਰੇਂਜ ਅਫਸਰ ਮੋਹਣ ਸਿੰਘ ਦੀ ਅਗਵਾਈ ਵਿੱਚ ਜਾਨਵਰ ਦੀ ਤਲਾਸ਼ ਕਰਨ ਲਈ ਟੀਮ ਭੇਜ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ