ਗੁੰਡਾਗਰਦੀ: ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ਦੇ ਮਾਰਿਆ ਥੱਪੜ
24 ਘੰਟੇ ਬਾਅਦ ਵੀ ਕਾਰਵਾਈ ਨਾ ਹੋਣ ਤੋਂ ਖ਼ਫ਼ਾ ਡਾਕਟਰਾਂ ਵੱਲੋਂ ਓਪੀਡੀ (OPD) ਸੇਵਾਵਾਂ ਮੁਕੰਮਲ ਬੰਦ ਕਰਕੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
ਇੱਥੋਂ ਦੇ ਸਰਕਾਰੀ ਹਸਪਤਾਲ ਦੇ ਐਨੇਸਥੀਸੀਆ ਵਿਭਾਗ ਦੀ ਮਹਿਲਾ ਡਾ. ਜੋਤ ਨੂਰ ਉੱਤੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ ਦੇ 24 ਘੰਟੇ ਬੀਤ ਜਾਣ ਦੇ ਬਾਵਜੂਦ ਡੇਰਾਬੱਸੀ ਪੁਲੀਸ ਵਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਖ਼ਫ਼ਾ ਸਿਵਲ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਸਟਾਫ਼ ਨੇ ਰੋਸ ਵਜੋਂ ਓਪੀਡੀ ਸੇਵਾਵਾਂ ਮੁਕੰਮਲ ਬੰਦ ਕਰਕੇ ਹਸਪਤਾਲ ਦੇ ਅੰਦਰ ਹੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ ਜਦੋਂ ਡਾਕਟਰ ਜੋਤ ਨੂਰ ਆਪਣੀ ਕਾਰ ਜੰਗਲਾਤ ਵਿਭਾਗ ਦੇ ਦਫ਼ਤਰ ਨੇੜੇ ਤੋ ਲੈਣ ਲਈ ਪੁਜੇ ਸਨ। ਇੱਸ ਦੋਰਾਨ ਦੋ- ਤਿੰਨ ਨੌਜਵਾਨਾਂ ਨੇ ਉਨ੍ਹਾਂ ਨਾਲ ਬਤਮੀਜ਼ੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਸਾਡੇ ਮਰੀਜ ਨੂੰ ਚੰਡੀਗੜ੍ਹ ਕਿਓ ਰੈਫ਼ਰ ਕੀਤਾ ਗਿਆ ਹੈ। ਇੱਸ ਤੋ ਬਾਅਦ ਉਨ੍ਹਾਂ ਨੇ ਡਾਕਟਰ ਨੂੰ ਥੱਪੜ ਮਾਰਿਆ ਅਤੇ ਮੌਕੇ ਤੋ ਫ਼ਰਾਰ ਹੋ ਗਏ।
ਹੈਰਾਨੀ ਦੀ ਗੱਲ ਹੈ ਇਹ ਘਟਨਾ ਬੱਸ ਸਟੈਂਡ ਅਤੇ ਡੇਰਾਬੱਸੀ ਪੁਲੀਸ ਸਟੇਸ਼ਨ ਤੋਂ ਕੁਝ ਕਦਮਾਂ ਦੀ ਦੂਰੀ ਤੇ ਵਾਪਰੀ ਹੈ। ਬੀਤੇ ਦਿਨ ਵੋਟਾਂ ਦੀ ਗਿਣਤੀ ਕਰਕੇ ਥਾਂ ਥਾਂ ’ਤੇ ਪੁਲੀਸ ਮੋਜੂਦ ਸੀ। ਬੱਸ ਸਟੈਂਡ ਤੇ ਥਾਂ ਥਾਂ ਤੇ ਸੀ ਸੀ ਟੀਵੀ ਕੈਮਰੇ ਲੱਗੇ ਹੋਏ ਹਨ ਜਿੰਨਾ ਦਾ ਕੰਟਰੋਲ ਡੇਰਾਬੱਸੀ ਪੁਲੀਸ ਦੇ ਹੱਥ ਵਿਚ ਹੈ। ਇਸਦੇ ਬਾਵਜੂਦ 24 ਘੰਟੇ ਬੀਤ ਜਾਣ ਮਗਰੋ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਘਟਨਾ ਮੌਕੇ ਡਾਕਟਰ ਜੋਤ ਨੂਰ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਆਪਣੀ ਗੱਡੀ ਵਿਚ ਬੈਠ ਕੇ ਜਾਨ ਬਚਾਈ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਪੀੜਤ ਵਲੋਂ ਥਾਣੇ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਹਮਲਾਵਰਾਂ ਦੀ ਪਛਾਣ ਨਾ ਹੋਣ ਕਾਰਨ ਮੈਡੀਕਲ ਸਟਾਫ਼ ਵਿਚ ਭਾਰੀ ਰੋਸ ਹੈ। ਡਾਕਟਰਾਂ ਮੁਤਾਬਕ ਜਦੋਂ ਤੱਕ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਓਪੀਡੀ ਸੇਵਾਵਾਂ ਬੰਦ ਰਹਿਣਗੀਆਂ। ਡਾਕਟਰਾਂ ਦੀ ਸੁਰੱਖਿਆ ਲਈ ਹਸਪਤਾਲ ਵਿਚ ਪੁਖ਼ਤਾ ਪ੍ਰਬੰਧ ਕੀਤੇ ਜਾਣ। ਮਰੀਜ਼ਾਂ ਦੀ ਸਹੂਲਤ ਨੂੰ ਦੇਖਦਿਆਂ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਨਿਰੰਤਰ ਜਾਰੀ ਰੱਖੀਆਂ ਗਈਆਂ ਹਨ।

