ਸ਼ਸ਼ੀ ਪਾਲ ਜੈਨ
ਖਰੜ, 11 ਸਤੰਬਰ
ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਪਹਿਲੀ ਵਾਰ ਰਾਜ ਪੱਧਰੀ ਪੁਰਸਕਾਰ ਦੇਣ ਲਈ ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ (ਫੈਪ) ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਧੀਆ ਸਕੂਲ, ਪ੍ਰਿੰਸੀਪਲ, ਅਧਿਆਪਕ ਅਤੇ ਸਟੂਡੈਂਟ ਐਵਾਰਡ ਭੇਟ ਕੀਤੇ ਗਏ, ਜਿਸ ’ਚ 569 ਸਕੂਲ ਐਵਾਰਡ ਅਤੇ 132 ਪ੍ਰਿੰਸੀਪਲ ਐਵਾਰਡ ਸ਼ਾਮਲ ਹਨ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਯੋਗ ਰਾਜ ਸ਼ਰਮਾ, ਉੱਘੇ ਲੇਖਕ ਡਾ. ਸੁਰਜੀਤ ਸਿੰਘ ਪਾਤਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਮਹੇਸ਼ ਗਰੋਵਰ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਜੈਕ ਦੇ ਚੀਫ਼ ਪੈਟਰਨ ਸਤਨਾਮ ਸਿੰਘ ਸੰਧੂ, ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ, ਭਾਰਤੀ ਹਾਕੀ ਟੀਮ ਦੇ ਖਿਡਾਰੀ ਰੁਪਿੰਦਰਪਾਲ ਸਿੰਘ ਸ਼ਾਮਲ ਰਹੇ। ਇਸ ਮੌਕੇ ਫੈਪ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਫੈਡਰੇਸ਼ਨ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਡਾ. ਸੁਰਜੀਤ ਸਿੰਘ ਪਾਤਰ ਦਾ ‘ਲਾਈਫ਼ ਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਜਦਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ ਅਤੇ ਰੁਪਿੰਦਰਪਾਲ ਸਿੰਘ ਨੂੰ ‘ਗ੍ਰੇਟੈਸਟ ਆਨਰਡ ਐਵਾਰਡ’ ਨਾਲ ਨਿਵਾਜਿਆ ਗਿਆ। ਸਮਾਗਮ ਦੌਰਾਨ ਗੋਲਡਨ ਅਰਥ ਕਾਨਵੈਂਟ ਸਕੂਲ, ਲੁਧਿਆਣਾ ਦੇ 15 ਸਾਲਾਂ ਵਿਦਿਆਰਥੀ ਕੰਵਲਜੀਤ ਸਿੰਘ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ, ਜਿਸ ਨੇ ਆਪਣੇ ਪੈਰਾਂ ਨਾਲ ਚਿੱਤਰਕਾਰੀ ਦੇ ਖੇਤਰ ’ਚ ਮਿਸਾਲ ਪੈਦਾ ਕਰਨ ਦੇ ਨਾਲ-ਨਾਲ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ।